ਦਿੱਲੀ-ਮੁੰਬਈ ਨੂੰ ਪਛਾੜ ਦੂਜੇ ਸਥਾਨ ’ਤੇ ਪਹੁੰਚੀ CSK, ਜਾਣੋ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ
Tuesday, Apr 20, 2021 - 02:32 PM (IST)
ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ ਖ਼ਿਲਾਫ਼ ਸੋਮਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਚੇਨੱਈ ਸੁਪਰ ਕਿੰਗਜ਼ (ਸੀ. ਐਸ. ਕੇ.) ਨੇ 45 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ ਪੁਆਇੰਟ ਟੇਬਲ ’ਚ ਆਪਣੀ ਸਥਿਤੀ ਇਕ ਵਾਰ ਫਿਰ ਮਜ਼ਬੂਤ ਕਰ ਲਈ ਹੈ। ਇਸ ਜਿੱਤ ਦੇ ਬਾਅਦ ਚੇਨੱਈ ਚਾਰ ਅੰਕਾਂ ਦੇ ਨਾਲ ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਜ਼ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਆ ਗਈ ਹੈ। ਹਾਲਾਂਕਿ ਦਿੱਲੀ ਦੇ ਵੀ ਚਾਰ ਅੰਕ ਹਨ ਜਦਕਿ ਪਹਿਲੇ ਸਥਾਨ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੈ ਜਿਸ ਨੇ ਅਜੇ ਤਕ ਆਪਣੇ ਤਿੰਨੇ ਮੈਚ ਜਿੱਤੇ ਹਨ ਤੇ 6 ਅੰਕਾਂ ਦੇ ਨਾਲ ਚੋਟੀ ’ਤੇ ਹੈ।
ਪੰਜਵੇਂ ਸਥਾਨ ’ਤੇ ਕੋਲਕਾਤਾ ਨਾਈਟ ਰਾਈਡਰਜ਼ ਹੈ ਜਿਸ ਦੇ ਕੁਲ 2 ਅੰਕ ਹਨ। ਜਦਕਿ ਰਾਸਸਥਾਨ ਚੇਨਈ ਤੋਂ ਹਾਰ ਕੇ ਛੇਵੇਂ ਸਥਾਨ ’ਤੇ ਅਤੇ ਪੰਜਾਬ ਕਿੰਗਜ਼ 7ਵੇਂ ਸਥਾਨ ’ਤੇ ਹੈ। ਕੇ. ਕੇ. ਆਰ., ਰਾਜਸਥਾਨ ਤੇ ਪੰਜਾਬ ਤਿੰਨਾਂ ਦੇ 2-2 ਅੰਕ ਹਨ ਪਰ ਰਨ ਰੇਟ ਕਾਰਨ ਅੰਕ ਸੂਚੀ ’ਚ ਟੀਮਾਂ ਉੱਪਰ ਹੇਠਾਂ ਹਨ। ਜਦਕਿ ਇਸ ਟੂਰਨਾਮੈਂਟ ’ਚ ਅਜੇ ਤਕ ਇਕ ਵੀ ਮੈਚ ਨਾ ਜਿੱਤ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ 0 ਅੰਕ ਦੇ ਨਾਲ ਆਖ਼ਰੀ ਸਥਾਨ ’ਤੇ ਹੈ।
ਆਰੇਂਜ ਕੈਪ
ਆਰੇਂਜ ਕੈਪ ਦੀ ਗੱਲ ਕਰੀਏ ਤਾਂ ਇਸ ਲਿਸਟ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਦੇ ਸ਼ਿਖਰ ਧਵਨ ਨੇ ਆਰੇਂਜ ਕੈਪ ਆਪਣੇ ਨਾਂ ਕਰ ਲਈ ਹੈ। ਧਵਨ ਦੇ 186 ਅੰਕ ਹਨ ਜਦਕਿ ਦੂਜੇ ਨੰਬਰ ’ਤੇ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਹਨ ਜਿਨ੍ਹਾਂ ਨੇ ਕੇ. ਕੇ. ਆਰ. ਖ਼ਿਲਾਫ਼ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸੇ ਕਾਰਨ 176 ਦੌੜਾਂ ਦੇ ਨਾਲ ਉਹ ਦੂਜੇ ਸਥਾਨ ’ਤੇ ਹਨ। ਤੀਜੇ ਨੰਬਰ ’ਤੇ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਹਨ ਜਿਨ੍ਹਾਂ ਦੀਆਂ 157 ਦੌੜਾਂ ਹਨ। ਨਿਤੀਸ਼ ਰਾਣਾ 155 ਦੌੜਾਂ ਦੇ ਨਾਲ ਚੌਥੇ ਸਥਾਨ ’ਤੇ ਆ ਗਏ ਹਨ। ਜਦਕਿ ਪੰਜ ’ਚ ਕੱਲ ਦੀ ਤਰ੍ਹਾਂ ਆਰ. ਸੀ. ਬੀ. ਦੇ ਖਿਡਾਰੀ ਏ. ਬੀ. ਡਿਵਿਲੀਅਰਸ ਹਨ ਜਿਨ੍ਹਾਂ ਦੀਆਂ 125 ਦੌੜਾਂ ਹਨ।
ਪਰਪਲ ਕੈਪ
ਪਰਪਲ ਕੈਪ ’ਤੇ ਅਜੇ ਵੀ ਹਰਸ਼ਲ ਪਟੇਲ ਦਾ ਕਬਜ਼ਾ ਹੈ ਜਿਨ੍ਹਾਂ ਨੇ ਇਸ ਟੂਰਨਾਮੈਂਟ ’ਚ ਅਜੇ ਤਕ ਸਭ ਤੋਂ ਜ਼ਿਆਦਾ 9 ਵਿਕਟਾਂ ਲਈਆਂ ਹਨ। ਜਦਕਿ ਮੁੰਬਈ ਦੇ ਰਾਹੁਲ ਚਾਹਰ 7 ਵਿਕਟਸ ਦੇ ਨਾਲ ਦੂਜੇ ਸਥਾਨ ’ਤੇ ਹਨ। ਤੀਜੇ ਸਥਾਨ ’ਤੇ ਅਵੇਸ਼ ਖਾਨ, ਟ੍ਰੇਂਟ ਬੋਲਡ ਹਨ ਜਿਨ੍ਹਾਂ ਦੇ ਕੁਲ 6-6 ਵਿਕਟ ਹਨ। ਪਰ ਟਾਪ 5 ਗੇਂਦਬਾਜ਼ਾਂ ’ਚ ਚੇਤਨ ਸਕਾਰੀਆ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਕੇ. ਕੇ. ਆਰ. ਦੇ ਆਂਦਰੇ ਰਸਲ ਦੀ ਜਗ੍ਹਾ ਲਈ ਹੈ। ਸਕਾਰੀਆ ਤੇ ਰਸੇਲ ਦੇ 6-6 ਵਿਕਟਸ ਹਨ ਪਰ ਇਕਨਾਮੀ ਰੇਟ ਦੇ ਕਾਰਨ ਸਕਾਰੀਆਂ ਪੰਜਵੇਂ ਸਥਾਨ ’ਤੇ ਆ ਗਏ ਹਨ।