IPL 2020 CSK vs KXIP : ਚੇਨਈ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ

Sunday, Nov 01, 2020 - 07:10 PM (IST)

IPL 2020 CSK vs KXIP : ਚੇਨਈ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ

ਆਬੂ ਧਾਬੀ– ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਨੌਜਵਾਨ ਓਪਨਰ ਰਿਤੂਰਾਜ ਗਾਇਕਵਾੜ ਦੀ ਅਜੇਤੂ 62 ਦੌੜਾਂ ਬਿਹਤਰੀਨ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਐਤਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-13 ਤੋਂ ਜੇਤੂ ਵਿਦਾਈ ਲੈ ਲਈ ਤੇ ਪੰਜਾਬ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ।

PunjabKesari
ਪੰਜਾਬ ਨੂੰ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਇਹ ਮੈਚ ਹਰ ਹਾਲ ਵਿਚ ਜਿੱਤਣਾ ਸੀ ਪਰ ਪੰਜਾਬ ਨੂੰ ਨਿਰਾਸ਼ਾਜਨਕ ਬੱਲੇਬਾਜ਼ੀ ਦਾ ਨੁਕਸਾਨ ਚੁੱਕਣਾ ਪਿਆ। ਪੰਜਾਬ ਨੇ ਦੀਪਕ ਹੁੱਡਾ (ਅਜੇਤੂ 62) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ 20 ਓਵਰ ਵਿਚ 6 ਵਿਕਟਾਂ 'ਤੇ 153 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਇਹ ਸਕੋਰ ਅਜਿਹਾ ਨਹੀਂ ਸੀ ਕਿ ਚੇਨਈ ਨੂੰ ਕੋਈ ਪ੍ਰੇਸ਼ਾਨੀ ਹੁੰਦੀ। ਚੇਨਈ ਨੇ ਗਾਇਕਵਾੜ ਦੇ ਅਜੇਤੂ ਅਰਧ ਸੈਂਕੜੇ ਨਾਲ 18.5 ਓਵਰਾਂ ਵਿਚ 1 ਵਿਕਟ 'ਤੇ 154 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

PunjabKesari
ਚੇਨਈ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਤਰ੍ਹਾਂ ਟੂਰਨਾਮੈਂਟ ਤੋਂ ਜੇਤੂ ਵਿਦਾਈ ਲਈ ਤੇ ਨਾਲ ਹੀ ਇਹ ਸੰਕੇਤ ਵੀ ਦਿੱਤਾ ਕਿ ਉਹ ਅਗਲੇ ਸਾਲ ਵੀ ਆਈ. ਪੀ. ਐੱਲ. ਵਿਚ ਚੇਨਈ ਲਈ ਖੇਡੇਗਾ। ਚੇਨਈ ਨੇ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋਣ ਤੋਂ ਬਾਅਦ ਲਗਾਤਾਰ 3 ਜਿੱਤਾਂ ਹਾਸਲ ਕੀਤੀਆਂ। ਚੇਨਈ ਨੇ ਟੂਰਨਾਮੈਂਟ ਦੀ ਸਮਾਪਤੀ 6 ਜਿੱਤਾਂ, 8 ਹਾਰਾਂ ਤੇ 12 ਅੰਕਾਂ ਨਾਲ ਕੀਤੀ।
ਦੂਜੇ ਪਾਸੇ ਪੰਜਾਬ ਦੀ ਟੀਮ 14 ਮੈਚਾਂ ਵਿਚੋਂ 6 ਜਿੱਤਾਂ, 8 ਹਾਰਾਂ ਤੇ 12 ਅੰਕਾਂ ਨਾਲ ਬਾਹਰ ਹੋ ਗਈ । ਪੰਜਾਬ ਨੇ ਆਪਣੇ ਪਹਿਲੇ 7 ਮੈਚਾਂ ਵਿਚ ਇਕਲੌਤੀ ਜਿੱਤ ਹਾਸਲ ਕੀਤੀ ਸੀ ਜਦਕਿ ਉਸ ਨੇ ਫਿਰ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ 5 ਮੈਚ ਲਗਾਤਾਰ ਜਿੱਤੇ ਸਨ ਪਰ ਜਦੋਂ ਲੋੜ ਸੀ ਤਾਂ ਟੀਮ ਲਗਾਤਾਰ ਦੋ ਮੈਚ ਹਾਰ ਕੇ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਈ।

ਇਹ ਵੀ ਪੜ੍ਹੋ: ਅੱਜ ਤੋਂ ਬਦਲਿਆ ਗੈਸ ਸਿਲੰਡਰ ਬੁਕਿੰਗ ਦਾ ਨੰਬਰ, ਹੁਣ ਇਸ ਨੰਬਰ 'ਤੇ ਕਰਨਾ ਹੋਵੇਗਾ ਫੋਨ

PunjabKesari

ਚੇਨਈ ਨੇ ਟੀਚੇ ਦਾ ਪਿੱਛਾ ਕਰਦੇ ਹੋਏ 82 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਫਾਫ ਡੂ ਪਲੇਸਿਸ 34 ਗੇਂਦਾਂ 'ਤੇ 48 ਦੌੜਾਂ ਬਣਾ ਕੇ ਕ੍ਰਿਸ ਜੌਰਡਨ ਦੀ ਗੇਂਦ 'ਤੇ ਆਊਟ ਹੋਇਆ। ਚੇਨਈ ਦੀ ਪਹਿਲੀ ਵਿਕਟ 82 ਦੇ ਸਕੋਰ 'ਤੇ ਡਿੱਗੀ। ਇਸ ਤੋਂ ਬਾਅਦ ਗਾਇਕਵਾੜ ਨੇ ਅੰਬਾਤੀ ਰਾਇਡੂ ਨਾਲ ਟੀਮ ਨੂੰ 9 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਗਾਇਕਵਾੜ ਨੇ 49 ਗੇਂਦਾਂ 'ਤੇ ਅਜੇਤੂ 62 ਦੌੜਾਂ ਵਿਚ 6 ਚੌਕੇ ਤੇ 1 ਛੱਕਾ ਲਾਇਆ ਜਦਕਿ ਰਾਇਡੂ ਨੇ 30 ਗੇਂਦਾਂ 'ਤੇ ਅਜੇਤੂ 30 ਦੌੜਾਂ ਵਿਚ 2 ਚੌਕੇ ਲਾਏ। ਗਾਇਕਵਾੜ ਦਾ ਇਹ ਲਗਾਤਾਰ ਤੀਜਾ ਅਰਧ ਸੈਂਕੜਾ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਮੋਦੀ ਸਰਕਾਰ ਮੁੜ ਭੇਜੇਗੀ ਜਨ-ਧਨ ਖਾਤਿਆਂ 'ਚ 1500 ਰੁਪਏ

PunjabKesari
ਇਸ ਤੋਂ ਪਹਿਲਾਂ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਆਈ. ਪੀ. ਐੱਲ. ਦੇ ਆਪਣੇ ਆਖਰੀ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਤੇ ਉਸ ਦੇ ਗੇਂਦਬਾਜ਼ਾਂ ਨੇ ਆਪਣੇ ਕਪਤਾਨ ਦੇ ਫੈਸਲੇ ਨੂੰ 17 ਓਵਰਾਂ ਤਕ ਸਹੀ ਸਾਬਤ ਕਰ ਦਿੱਤਾ ਸੀ ਪਰ ਹੁੱਡਾ ਨੇ ਇਸ ਤੋਂ ਬਾਅਦ ਕੁਝ ਸ਼ਾਨਦਾਰ ਸ਼ਾਟਾਂ ਖੇਡਦੇ ਹੋਏ ਆਈ. ਪੀ. ਐੱਲ. ਦਾ ਆਪਣਾ ਸਰਵਸ੍ਰੇਸ਼ਠ ਸਕੋਰ ਬਣਾਇਆ ਤੇ ਪੰਜਾਬ ਨੂੰ 6 ਵਿਕਟਾਂ 'ਤੇ 113 ਦੌੜਾਂ ਦੀ ਨਾਜ਼ੁਕ ਸਥਿਤੀ ਵਿਚੋਂ ਉਭਾਰ ਕੇ ਲੜਨਯੋਗ ਸਕੋਰ ਤਕ ਪਹੁੰਚਾਇਆ ਪਰ ਅੰਤ ਵਿਚ ਇਹ ਸਕੋਰ ਲੋੜੀਂਦਾ ਸਾਬਤ ਨਹੀਂ ਹੋਇਆ। ਹੁੱਡਾ ਨੇ ਸਿਰਫ 30 ਗੇਂਦਾਂ 'ਤੇ ਅਜੇਤੂ 62 ਦੌੜਾਂ ਵਿਚ 3 ਚੌਕੇ ਤੇ 4 ਛੱਕੇ ਲਾਏ। ਹੁੱਡਾ ਦਾ ਆਈ. ਪੀ. ਐੱਲ. 'ਚ ਇਹ ਦੂਜਾ ਅਰਧ ਸੈਂਕੜਾ ਸੀ।


author

cherry

Content Editor

Related News