IPL 2020: ਪਲੇਅ-ਆਫ ਦੀਆਂ ਉਮੀਦਾਂ ਬਣਾਈ ਰੱਖਣ ਲਈ ਅੱਜ ਮੈਦਾਨ ''ਚ ਉਤਰਣਗੇ ਪੰਜਾਬ ਅਤੇ ਰਾਜਸਥਾਨ
Friday, Oct 30, 2020 - 09:56 AM (IST)
ਆਬੂਧਾਬੀ (ਵਾਰਤਾ) : ਚੌਥੇ ਸਥਾਨ 'ਤੇ ਮੌਜੂਦ ਕਿੰਗਜ਼ ਇਲੈਵਨ ਪੰਜਾਬ ਅਤੇ 7ਵੇਂ ਸਥਾਨ ਦੀ ਟੀਮ ਰਾਜਸਥਾਨ ਰਾਇਲਜ਼ ਸ਼ੁੱਕਰਵਾਰ ਯਾਨੀ ਅੱਜ ਹੋਣ ਵਾਲੇ ਆਈ.ਪੀ.ਐਲ. ਦੇ 50ਵੇਂ ਮੁਕਾਬਲੇ ਵਿਚ ਪਲੇਅ-ਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਉਤਰਣਗੇ। ਆਈ.ਪੀ.ਐਲ. ਇਸ ਸਮੇਂ ਆਪਣੇ ਨਿਰਣਾਇਕ ਦੌੜ ਵਿਚ ਚੱਲ ਰਿਹਾ ਹੈ ਅਤੇ ਹਰ ਟੀਮ ਲਈ ਹਰ ਮੈਚ ਮਹੱਤਵਪੂਰਣ ਹੁੰਦਾ ਜਾ ਰਿਹਾ ਹੈ। ਪੰਜਾਬ ਲਗਾਤਾਰ 5 ਮੈਚ ਜਿੱਤ ਕੇ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਚੁੱਕੀ ਹੈ, ਜਦੋਂ ਕਿ ਇਸ ਟੀਮ ਨੇ ਆਪਣੇ ਪਹਿਲੇ 7 ਮੈਚਾਂ ਵਿਚੋਂ ਸਿਰਫ਼ 1 ਮੈਚ ਜਿੱਤਿਆ ਸੀ। ਪੰਜਾਬ ਨੇ ਸੂਚੀ ਵਿਚ ਹੇਠਲੇ ਸਥਾਨ ਤੋਂ ਹੈਰਾਨੀਜਨਕ ਵਾਪਸੀ ਕਰਦੇ ਹੋਏ ਚੌਥਾ ਪਾਏਦਾਨ ਤੈਅ ਕਰ ਲਿਆ ਹੈ ਅਤੇ ਹੁਣ ਟੀਮ ਦੀ ਨਜ਼ਰ ਪਲੇਅ-ਆਫ ਵਿਚ ਜਗ੍ਹਾ ਬਣਾਉਣ 'ਤੇ ਹੈ। ਪੰਜਾਬ 12 ਮੈਚਾਂ ਵਿਚੋਂ 6 ਜਿੱਤਾਂ, 6 ਹਾਰਾਂ ਅਤੇ 12 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਟੀਮ ਨੂੰ ਪਲੇਅ-ਆਫ ਲਈ ਬਾਕੀ ਦੋਵੇਂ ਮੈਚ ਜਿੱਤਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ, ਜੈੱਫ ਬੇਜੋਸ ਸਮੇਤ ਦੁਨੀਆ ਦੇ ਚੋਟੀ ਦੇ 10 ਅਮੀਰਾਂ ਨੂੰ ਇਕ ਹੀ ਦਿਨ 'ਚ 34 ਅਰਬ ਡਾਲਰ ਦਾ ਝਟਕਾ
ਰਾਜਸਥਾਨ 12 ਮੈਚਾਂ ਵਿਚ 5 ਜਿੱਤਾਂ, 7 ਹਾਰਾਂ ਅਤੇ 10 ਅੰਕਾਂ ਨਾਲ 7ਵੇਂ ਸਥਾਨ 'ਤੇ ਹੈ। ਰਾਜਸਥਾਨ ਲਈ ਜ਼ਰੂਰੀ ਹੈ ਕਿ ਉਹ ਬਾਕੀ ਦੋਵੇਂ ਮੈਚ ਜਿੱਤੇ ਅਤੇ ਇਹ ਉਮੀਦ ਕਰੇ ਕਿ ਉਹ ਕੁੱਝ ਟੀਮਾਂ ਨਾਲ 14 ਅੰਕਾਂ 'ਤੇ ਰਹਿ ਕੇ ਪਲੇਅ-ਆਫ ਲਈ ਮੁਕਾਬਲਾ ਕਰੇ ਜਿੱਥੇ ਨੈਟ ਰਨ ਰੇਟ ਟੀਮਾਂ ਦੀ ਕਿਸਮਤ ਤੈਅ ਕਰੇਗਾ। ਰਾਜਸਥਾਨ ਨੂੰ ਨਾ ਸਿਰਫ਼ ਆਪਣੇ ਬਚੇ ਹੋਏ ਮੈਚਾਂ ਵਿਚ ਜਿੱਤ ਹਾਸਲ ਕਰਣੀ ਹੈ ਸਗੋਂ ਆਪਣੇ ਰਨ ਰੇਟ ਵਿਚ ਵੀ ਜ਼ਿਕਰਯੋਗ ਸੁਧਾਰ ਕਰਣਾ ਹੈ। ਪੰਜਾਬ ਨੇ ਆਪਣੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ ਜਦੋਂ ਕਿ ਰਾਜਸਥਾਨ ਨੇ ਮੁੰਬਈ ਇੰਡਿਅੰਸ ਨੂੰ 8 ਵਿਕਟਾਂ ਨਾਲ ਹਰਾ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਸੀ। ਪੰਜਾਬ ਨੂੰ ਰਾਜਸਥਾਨ ਦੇ ਬਾਅਦ ਆਪਣਾ ਆਖਰੀ ਲੀਗ ਮੁਕਾਬਲਾ ਚੇਨਈ ਸੁਪਰਕਿੰਗਜ਼ ਨਾਲ ਅਤੇ ਰਾਜਸਥਾਨ ਨੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਖੇਡਣਾ ਹੈ। ਦੋਵੇਂ ਮੁਕਾਬਲੇ ਐਤਵਾਰ ਨੂੰ ਖੇਡੇ ਜਾਣਗੇ।