IPL 2020 : ਪਲੇਆਫ ਲਈ ਉਤਰੇਗੀ ਦਿੱਲੀ, ਪੰਜਾਬ ਕਰੇਗੀ ਪਲਟਵਾਰ
Tuesday, Oct 20, 2020 - 11:00 AM (IST)
ਦੁਬਈ (ਵਾਰਤਾ) : ਆਈ.ਪੀ.ਐਲ. 13 ਵਿਚ ਬਿਹਤਰ ਪ੍ਰਦਰਸ਼ਨ ਕਰ ਰਹੀ ਦਿੱਲੀ ਕੈਪੀਟਲਸ ਦੀ ਟੀਮ ਮੰਗਲਵਾਰ ਯਾਨੀ ਅੱਜ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਪਲੇਆਫ ਵਿਚ ਕੁਆਲੀਫਾਈ ਕਰਣ ਦੇ ਇਰਾਦੇ ਨਾਲ ਉਤਰੇਗੀ, ਜਦੋਂ ਕਿ ਪੰਜਾਬ ਦੀ ਟੀਮ ਪਲਟਵਾਰ ਕਰਣ ਉਤਰੇਗੀ।
ਦਿੱਲੀ ਨੇ ਪਿਛਲੇ ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ 7ਵੀਂ ਜਿੱਤ ਦਰਜ ਕੀਤੀ ਸੀ। ਪੰਜਾਬ ਨੇ ਵੀ ਆਪਣੇ ਪਿਛਲੇ ਮੈਚ ਵਿਚ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿਚ ਹਰਾ ਕੇ ਟੂਰਨਾਮੈਂਟ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਸਨ। ਦਿੱਲੀ ਦੇ 9 ਮੈਚਾਂ ਵਿਚ 7 ਜਿੱਤ, 2 ਹਾਰ ਦੇ ਨਾਲ 14 ਅੰਕ ਹਨ ਅਤੇ ਉਹ ਅੰਕ ਸੂਚੀ ਵਿਚ ਸਿਖ਼ਰ ਸਥਾਨ 'ਤੇ ਹੈ, ਜਦੋਂ ਕਿ ਪੰਜਾਬ ਦੇ 9 ਮੁਕਾਬਲਿਆਂ ਵਿਚ 3 ਜਿੱਤ, 6 ਹਾਰ ਨਾਲ 6 ਅੰਕ ਹੈ ਅਤੇ ਉਹ 6ਵੇਂ ਸਥਾਨ 'ਤੇ ਹੈ। ਪੰਜਾਬ ਨੂੰ ਪਲੇਆਫ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਦਿੱਲੀ ਖ਼ਿਲਾਫ਼ ਹਰ ਹਾਲ ਵਿਚ ਜਿੱਤ ਹਾਸਲ ਕਰਣੀ ਹੋਵੇਗੀ।
ਆਈ.ਪੀ.ਐਲ. ਦੇ ਦੂਜੇ ਮੁਕਾਬਲੇ ਵਿਚ ਦਿੱਲੀ ਅਤੇ ਪੰਜਾਬ ਦਾ ਮੈਚ ਹੋਇਆ ਸੀ ਜਿੱਥੇ ਦਿੱਲੀ ਨੇ ਸੁਪਰ ਓਵਰ ਵਿਚ ਪੰਜਾਬ ਨੂੰ ਹਰਾਇਆ ਸੀ। ਪੰਜਾਬ ਕੋਲ ਇਸ ਹਾਰ ਦਾ ਬਦਲਾ ਲੈਣ ਦਾ ਮੌਕਾ ਰਹੇਗਾ ਅਤੇ ਲਗਾਤਾਰ 2 ਜਿੱਤ ਨਾਲ ਉਤਸ਼ਾਹਿਤ ਪੰਜਾਬ ਦੀ ਟੀਮ ਦਿੱਲੀ ਖ਼ਿਲਾਫ਼ ਪਲਟਵਾਰ ਕਰਣ ਦੇ ਇਰਾਦੇ ਨਾਲ ਉਤਰੇਗੀ। ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮ ਦਿੱਲੀ ਲਗਭਗ ਪਲੇਆਫ ਵਿਚ ਕੁਆਲੀਫਾਈ ਕਰ ਚੁੱਕੀ ਹੈ ਪਰ ਉਹ ਪੰਜਾਬ ਖ਼ਿਲਾਫ਼ ਜਿੱਤ ਹਾਸਲ ਕਰਕੇ ਅੰਤਮ ਚਾਰ ਵਿਚ ਪੂਰਨ ਰੂਪ ਤੋਂ ਪ੍ਰਵੇਸ਼ ਕਰਣਾ ਚਾਹੇਗੀ।