IPL 2019 : ਮੁੰਬਈ ਨੇ ਚੇਨਈ ਸੁਪਰ ਕਿੰਗਜ਼ ਨੂੰ 46 ਦੌੜਾਂ ਨਾਲ ਹਰਾਇਆ

Friday, Apr 26, 2019 - 11:31 PM (IST)

IPL 2019 : ਮੁੰਬਈ ਨੇ ਚੇਨਈ ਸੁਪਰ ਕਿੰਗਜ਼ ਨੂੰ 46 ਦੌੜਾਂ ਨਾਲ ਹਰਾਇਆ

ਚੇਨਈ- ਰੋਹਿਤ ਸ਼ਰਮਾ ਦੀ ਕਪਤਾਨੀ ਪਾਰੀ ਅਤੇ ਲਸਿਥ ਮਲਿੰਗਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਨੇ ਸ਼ੁੱਕਰਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਦੀ ਜੇਤੂ ਮੁਹਿੰਮ 'ਤੇ ਰੋਕ ਲਾ ਕੇ 46 ਦੌੜਾਂ ਨਾਲ ਜਿੱਤ ਦਰਜ ਕੀਤੀ ਤੇ ਆਈ. ਪੀ. ਐੱਲ.-2019 ਦੇ ਪਲੇਅ ਆਫ ਵਿਚ ਪਹੁੰਚਣ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ। 
ਰੋਹਿਤ ਨੇ 48 ਗੇਂਦਾਂ 'ਤੇ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ, ਜਿਹੜਾ ਉਸਦਾ ਆਈ. ਪੀ. ਐੱਲ.-2019 ਵਿਚ ਪਹਿਲਾ ਅਰਧ ਸੈਂਕੜਾ ਹੈ। ਉਸ ਨੇ ਇਸ ਵਿਚਾਲੇ ਇਰਵਿਨ ਲੂਈਸ (32) ਨਾਲ ਤੀਜੀ ਵਿਕਟ ਲਈ 75 ਦੌੜਾਂ ਜੋੜੀਆਂ ਪਰ ਚੇਨਈ ਦੇ ਗੇਂਦਬਾਜ਼ਾਂ ਖਾਸ ਤੌਰ 'ਤੇ ਸਪਿਨਰਾਂ ਨੇ  ਮੁੰਬਈ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ ਸੀ  ਤੇ ਮੁੰਬਈ 4 ਵਿਕਟਾਂ 'ਤੇ 155 ਦੌੜਾਂ ਹੀ ਬਣਾ ਸਕਿਆ। ਚੇਨਈ ਲਈ ਇਹ ਸਕੋਰ ਵੀ ਪਹਾੜ ਵਰਗਾ ਬਣ ਗਿਆ। ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਕਮੀ ਮਹਿਸੂਸ ਹੋਈ। ਉਸ ਵਲੋਂ ਮੁਰਲੀ ਵਿਜੇ (34 ਗੇਂਦਾਂ 'ਤੇ 38 ਦੌੜਾਂ) ਨੇ ਦੂਜੇ ਪਾਸੇ ਤੋਂ ਵਿਕਟਾਂ ਡਿੱਗਣ ਕਾਰਨ ਹੌਲੀ ਬੱਲੇਬਾਜ਼ੀ ਕੀਤੀ। ਉਸਦੇ ਇਲਾਵਾ ਡਵੇਨ ਬ੍ਰਾਵੋ (20) ਤੇ ਮਿਸ਼ੇਲ ਸੈਂਟਨਰ (22) ਹੀ ਦੋਹਰੇ ਅਕੰੜੇ ਤਕ ਪਹੁੰਚੇ  ਤੇ ਚੇਨਈ ਦੀ ਟੀਮ 17.4 ਓਵਰਾਂ ਵਿਚ 109 ਦੌੜਾਂ 'ਤੇ ਆਲ ਆਊਟ ਹੋ ਗਈ।

PunjabKesari

ਮਲਿੰਗਾ ਨੇ 37 ਦੌੜਾਂ ਦੇ ਕੇ 4 ਜਦਕਿ ਕਰੁਣਾਲ ਪੰਡਯਾ ਨੇ 7 ਦੌੜਾਂ ਦੇ ਕੇ 2 ਤੇ ਜਸਪ੍ਰੀਤ ਬੁਮਰਾਹ ਨੇ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਾਰਦਿਕ ਪੰਡਯਾ ਤੇ ਅਨੁਕੂਲ ਰਾਏ ਨੇ ਇਕ-ਇਕ ਵਿਕਟ ਹਾਸਲ ਕੀਤੀ। ਚੇਨਈ ਦੀ ਇਹ 12 ਮੈਚਾਂ ਵਿਚੋਂ ਚੌਥੀ ਹਾਰ ਹੈ ਪਰ ਉਹ ਅਜੇ ਵੀ 16 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ 'ਤੇ ਬਣੀ ਹੋਈ ਹੈ। ਮੁੰਬਈ ਦੀ 11 ਮੈਚਾਂ ਵਿਚੋਂ ਸੱਤਵੀਂ ਜਿੱਤ ਹੈ ਤੇ ਉਹ 14 ਅੰਕਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਚੇਨਈ ਦੀ ਚੇਪਕ 'ਤੇ ਇਹ ਸੱਤ ਜਿੱਤਾਂ ਤੋਂ ਬਾਅਦ ਪਹਿਲੀ ਹਾਰ ਹੈ। ਉਸ ਨੇ 22 ਅਪ੍ਰੈਲ 2013 ਤੋਂ ਬਾਅਦ ਆਪਣੇ ਘਰੇਲੂ ਮੈਦਾਨ 'ਤੇ ਦੂਜਾ ਮੈਚ ਗੁਆਇਆ ਹੈ।

PunjabKesari
ਇਸ ਤੋਂ ਪਹਿਲਾਂ ਖੱਬੇ ਹੱਥ ਦਾ ਸਪਿਨਰ ਮਿਸ਼ੇਲ ਸੈਂਟਨਰ ਚੇਨਈ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 4 ਓਵਰਾਂ ਵਿਚ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਮਰਾਨ ਤਾਹਿਰ ਤੇ ਦੀਪਕ ਚਾਹਰ ਨੇ ਇਕ-ਇਕ ਵਿਕਟ ਲਈ। ਮਹਿੰਦਰ ਸਿੰਘ ਧੋਨੀ ਬੁਖਾਰ ਕਾਰਨ ਮੈਚ ਵਿਚ ਨਹੀਂ ਖੇਡ ਸਕਿਆ, ਜਦਕਿ ਰਵਿੰਦਰ ਜਡੇਜਾ 2012 ਵਿਚ ਚੇਨਈ ਨਾਲ ਜੁੜਨ ਤੋਂ ਬਾਅਦ ਪਹਿਲੀ ਵਾਰ ਮੈਦਾਨ 'ਤੇ ਨਹੀਂ ਉਤਰਿਆ। ਸੁਭਾਵਿਕ ਸੀ ਕਿ ਸੁਰੇਸ਼ ਰੈਨਾ ਦੀ ਅਗਵਾਈ ਵਿਚ ਟੀਮ ਕੁਝ ਨਵੇਂ ਸਵਰੂਪ ਨਾਲ ਖੇਡ ਰਹੀ ਸੀ। ਰੈਨਾ ਨੇ ਚੇਨਈ ਦੇ ਟਾਸ ਜਿੱਤਣ ਦੇ ਕ੍ਰਮ ਨੂੰ ਬਰਕਰਾਰ ਰੱਖਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।


author

satpal klair

Content Editor

Related News