IPL 2019 : ਚੇਨਈ ਨੇ ਪੰਜਾਬ ਨੂੰ 22 ਦੌਡ਼ਾਂ ਨਾਲ ਹਰਾਇਆ
Sunday, Apr 07, 2019 - 01:36 AM (IST)

ਚੇਨਈ— ਓਪਨਰ ਫਾਫ ਡੂ ਪਲੇਸਿਸ (54) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਜੇਤੂ 37 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸਟੀਕ ਪ੍ਰਦਰਸ਼ਨ ਨਾਲ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ 22 ਦੌੜਾਂ ਨਾਲ ਹਰਾ ਕੇ ਫਿਰ ਤੋਂ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਤੇ ਪਿਛਲੇ ਮੈਚ ਵਿਚ ਮੁੰਬਈ ਹੱਥੋਂ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਲਈ।
ਚੇਨਈ ਨੇ ਤਿੰਨ ਵਿਕਟਾਂ 'ਤੇ 160 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਪੰਜਾਬ ਦੀ ਚੁਣੌਤੀ ਨੂੰ 5 ਵਿਕਟਾਂ 'ਤੇ 138 ਦੌੜਾਂ 'ਤੇ ਰੋਕ ਲਿਆ। ਚੈਂਪੀਅਨ ਚੇਨਈ ਦੀ 5 ਮੈਚਾਂ ਵਿਚ ਇਹ ਚੌਥੀ ਜਿੱਤ ਹੈ ਤੇ ਉਹ 8 ਅੰਕਾਂ ਨਾਲ ਚੋਟੀ 'ਤੇ ਆ ਗਈ ਹੈ । ਦੂਜੇ ਪਾਸੇ ਪੰਜਾਬ ਨੂੰ ਪੰਜ ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਡੂ ਪਲੇਸਿਸ ਨੇ 38 ਗੇਂਦਾਂ 'ਤੇ 54 ਦੌੜਾਂ ਵਿਚ 2 ਚੌਕੇ ਤੇ 4 ਛੱਕੇ ਲਾਏ। ਧੋਨੀ ਨੇ 23 ਗੇਂਦਾਂ 'ਤੇ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 37 ਦੌੜਾਂ ਦੀ ਪਾਰੀ ਖੇਡੀ। ਓਪਨਰ ਸ਼ੇਨ ਵਾਟਸਨ ਨੇ 24 ਗੇਂਦਾਂ 'ਤੇ 3 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਸੁਰੇਸ਼ ਰੈਨਾ ਨੇ 20 ਗੇਂਦਾਂ ਵਿਚ ਇਕ ਚੌਕੇ ਦੇ ਸਹਾਰੇ 17 ਦੌੜਾਂ ਤੇ ਅੰਬਾਤੀ ਰਾਇਡੂ ਨੇ 15 ਗੇਂਦਾਂ ਵਿਚ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 21 ਦੌੜਾਂ ਦੀ ਪਾਰੀ ਖੇਡੀ।
ਧੋਨੀ ਤੇ ਰਾਇਡੂ ਨੇ ਚੌਥੀ ਵਿਕਟ ਲਈ ਅਜੇਤੂ ਸਾਂਝੇਦਾਰੀ ਵਿਚ 6.2 ਓਵਰਾਂ ਵਿਚ 60 ਦੌੜਾਂ ਜੋੜੀਆਂ, ਨਹੀਂ ਤਾਂ 14ਵੇਂ ਓਵਰ ਵਿਚ ਚੇਨਈ ਦਾ ਸਕੋਰ ਤਿੰਨ ਵਿਕਟਾਂ 'ਤੇ 100 ਦੌੜਾਂ ਸੀ। ਚੇਨਈ ਨੇ 100 ਦੇ ਸਕੋਰ 'ਤੇ ਡੂ ਪਲੇਸਿਸ ਤੇ ਰੈਨਾ ਦੀਆਂ ਵਿਕਟਾਂ ਗੁਆਈਆਂ। ਇਸ ਤੋਂ ਪਹਿਲਾਂ ਵਾਟਸਨ ਤੇ ਪਲੇਸਿਸ ਨੇ ਪਹਿਲੀ ਵਿਕਟ ਲਈ 7.2 ਓਵਰਾਂ ਵਿਚ 56 ਦੌੜਾਂ ਦੀ ਸਾਂਝੇਦਾਰੀ ਕੀਤੀ।
ਚੇਨਈ ਨੇ ਆਖਰੀ ਤਿੰਨ ਓਵਰਾਂ ਵਿਚ 44 ਦੌੜਾਂ ਬਟੋਰੀਆਂ ਤੇ ਟੀਮ ਨੂੰ ਲੜਨਯੋਗ ਸਕੋਰ ਤਕ ਪਹੁੰਚਾ ਦਿੱਤਾ। ਮੁਹੰਮਦ ਸ਼ੰਮੀ ਦੇ ਆਖਰੀ ਓਵਰ ਵਿਚ 14 ਦੌੜਾਂ ਪਈਆਂ, ਜਿਸ ਵਿਚ ਰਾਇਡੂ ਦਾ ਛੱਕਾ ਤੇ ਧੋਨੀ ਦਾ ਚੌਕਾ ਸ਼ਾਮਲ ਸੀ। ਇਸ ਤੋਂ ਪਹਿਲਾਂ ਧੋਨੀ ਨੇ 19ਵੇਂ ਓਵਰ ਵਿਚ ਸੈਮ ਕਿਊਰਾਨ ਦੀਆਂ ਗੇਂਦਾਂ 'ਤੇ ਇਕ ਛੱਕਾ ਤੇ ਦੋ ਚੌਕੇ ਲਾਏ।
ਪੰਜਾਬ ਦਾ ਕਪਤਾਨ ਤੇ ਆਫ ਸਪਿਨਰ ਆਰ. ਅਸ਼ਵਿਨ ਆਪਣੀ ਟੀਮ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ ਚਾਰ ਓਵਰਾਂ ਵਿਚ 23 ਦੌੜਾਂ ਦੇ ਕੇ ਚੇਨਈ ਦੀਆਂ ਡਿਗੀਆਂ ਤਿੰਨੋਂ ਵਿਕਟਾਂ ਹਾਸਲ ਕੀਤੀਆਂ।