IPL 2019 : ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ
Wednesday, Mar 27, 2019 - 11:38 PM (IST)

ਨਵੀਂ ਦਿੱਲੀ— ਨਿਤਿਸ਼ ਰਾਣਾ (63), ਰੌਬਿਨ ਉਥੱਪਾ (ਅਜੇਤੂ 67) ਅਤੇ ਆਂਦ੍ਰੇ ਰਸੇਲ (48) ਦੇ ਜ਼ਬਰਦਸਤ ਛੱਕਿਆਂ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਈਡਨ ਗਾਰਡਨ ਮੈਦਾਨ ਵਿਚ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਆਸਾਨੀ ਨਾਲ 28 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ 20 ਓਵਰਾਂ ਵਿਚ 4 ਵਿਕਟਾਂ 'ਤੇ 218 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਤੋਂ ਬਾਅਦ ਪੰਜਾਬ ਨੂੰ 4 ਵਿਕਟਾਂ 'ਤੇ 190 ਦੌੜਾਂ 'ਤੇ ਰੋਕ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਜਦਕਿ ਪੰਜਾਬ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਜੋ ਉਸ ਲਈ ਠੀਕ ਨਹੀਂ ਰਿਹਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਪੂਰਾ ਫਾਇਦਾ ਚੁੱਕਿਆ। ਕੋਲਕਾਤਾ ਦੀ ਪਾਰੀ ਵਿਚ 17 ਛੱਕੇ ਅਤੇ 14 ਚੌਕੇ ਲੱਗੇ। ਰਾਣਾ ਨੇ 7 ਛੱਕੇ, ਰਸੇਲ ਨੇ 5, ਸੁਨੀਲ ਨਾਰਾਇਣ ਨੇ 3 ਤੇ ਉਥੱਪਾ ਨੇ 2 ਛੱਕੇ ਲਾਏ।
ਰਾਣਾ ਨੇ ਸਿਰਫ 34 ਗੇਂਦਾਂ 'ਤੇ 63 ਦੌੜਾਂ ਦੀ ਪਾਰੀ ਵਿਚ 2 ਚੌਕੇ ਅਤੇ 7 ਛੱਕੇ ਲਾਏ, ਜਦਕਿ ਉਥੱਪਾ ਨੇ 50 ਗੇਂਦਾਂ 'ਤੇ ਅਜੇਤੂ 67 ਦੌੜਾਂ ਵਿਚ 6 ਚੌਕੇ ਅਤੇ 2 ਛੱਕੇ ਲਾਏ। ਰਸੇਲ ਨੇ ਸਿਰਫ 17 ਗੇਂਦਾਂ 'ਤੇ 48 ਦੌੜਾਂ ਵਿਚ 3 ਚੌਕੇ ਅਤੇ 5 ਛੱਕੇ ਲਾਏ। ਸੁਨੀਲ ਨਾਰਾਇਣ ਨੇ 9 ਗੇਂਦਾਂ 'ਤੇ 24 ਦੌੜਾਂ ਵਿਚ 1 ਚੌਕਾ ਅਤੇ 3 ਛੱਕੇ ਲਾਏ। ਕ੍ਰਿਸ ਲਿਨ ਨੇ 10 ਗੇਂਦਾਂ 'ਤੇ 10 ਦੌੜਾਂ ਵਿਚ 2 ਚੌਕੇ ਲਾਏ। ਰਾਣਾ ਅਤੇ ਉਥੱਪਾ ਨੇ ਤੀਸਰੀ ਵਿਕਟ ਲਈ 110 ਦੌੜਾਂ ਦੀ ਸਾਂਝੀਦਾਰੀ ਕੀਤੀ। ਕੋਲਕਾਤਾ ਨੇ ਆਖਰੀ 4 ਓਵਰਾਂ ਵਿਚ 65 ਦੌੜਾਂ ਬਣਾ ਕੇ ਪੰਜਾਬ ਦੇ ਗੇਂਦਬਾਜ਼ੀ ਹਮਲੇ ਦਾ ਧੂੰਆਂ ਕੱਢ ਦਿੱਤਾ। ਪਿਛਲੇ ਮੈਚ ਵਿਚ ਮੈਚ ਜੇਤੂ ਪਾਰੀ ਖੇਡਣ ਵਾਲੇ ਰਸੇਲ ਨੇ ਆਪਣਾ ਜਲਵਾ ਬਰਕਰਾਰ ਰੱਖਦੇ ਹੋਏ 19ਵੇਂ ਓਵਰ ਵਿਚ ਮੁਹੰਮਦ ਸ਼ੰਮੀ ਦੀਆਂ ਗੇਂਦਾਂ 'ਤੇ 3 ਛੱਕੇ ਅਤੇ 1 ਚੌਕਾ ਲਾਉਂਦੇ ਹੋਏ 25 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਕ੍ਰਿਸ ਗੇਲ ਤੋਂ ਸਨ। ਉਹ 13 ਗੇਂਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਮਯੰਕ ਅਗਰਵਾਲ ਨੇ 34 ਗੇਂਦਾਂ ਵਿਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 58 ਦੌੜਾਂ ਬਣਾਈਆਂ ਪਰ ਟੀਚਾ ਬਹੁਤ ਵੱਡਾ ਹੋਣ ਦੇ ਦਬਾਅ ਵਿਚ ਉਹ ਆਪਣੀ ਵਿਕਟ ਗੁਆ ਬੈਠਾ। ਮਯੰਕ ਨੇ ਡੇਵਿਡ ਮਿਲਰ ਦੇ ਨਾਲ ਚੌਥੀ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਲਰ ਨੇ 40 ਗੇਂਦਾਂ 'ਤੇ ਅਜੇਤੂ 59 ਦੌੜਾਂ ਵਿਚ 5 ਚੌਕੇ ਅਤੇ 3 ਛੱਕੇ ਲਾਏ। ਕੋਲਕਾਤਾ ਵਲੋਂ ਰਸੇਲ ਨੇ 21 ਦੌੜਾਂ 'ਤੇ 2 ਵਿਕਟਾਂ ਲਈਆਂ।
ਟੀਮਾਂ :
ਕੋਲਕਾਤਾ ਨਾਈਟ ਰਾਈਡਰਜ਼ : ਕ੍ਰਿਸ ਲੀਨ, ਨਿਤੀਸ਼ ਰਾਣਾ, ਰੌਬਿਨ ਉਥੱਪਾ, ਦਿਨੇਸ਼ ਕਾਰਤਿਕ (ਕਪਤਾਨ), ਸ਼ੁਭਮਨ ਗਿਲ, ਆਂਦਰੇ ਰਸਲ, ਸੁਨੀਲ ਨਾਰਾਇਣ, ਪਿਊਸ਼ ਚਾਵਲਾ, ਕੁਲਦੀਪ ਯਾਦਵ, ਲੌਕੀ ਫਰਗਸਨ, ਪ੍ਰਸਿਧ ਕ੍ਰਿਸ਼ਨਾ।
ਕਿੰਗਜ਼ ਇਲੈਵਨ ਪੰਜਾਬ : ਲੋਕੇਸ਼ ਰਾਹੁਲ , ਕ੍ਰਿਸ ਗੇਲ, ਮਯੰਕ ਅਗਰਵਾਲ, ਸਰਫਰਾਜ ਖ਼ਾਨ, ਡੇਵਿਡ ਮਿੱਲਰ, ਮਨਦੀਪ ਸਿੰਘ, ਹਰਦਸ ਵਿਲਜੋਨ, ਰਵੀਚੰਦਰਨ ਅਸ਼ਵਿਨ (ਕਪਤਾਨ), ਵਰੁਣ ਚਕਰਵਰਤੀ, ਮੁਹੰਮਦ ਸ਼ਮੀ, ਐਂਡਰਿਊ ਟਾਇ।