IPL 2019 : ਚੇਨਈ-ਕੋਲਕਾਤਾ ਵਿਚਾਲੇ ਹੋਵੇਗਾ ਬਰਾਬਰੀ ਦਾ ਮੈਚ

Tuesday, Apr 09, 2019 - 01:18 AM (IST)

IPL 2019 : ਚੇਨਈ-ਕੋਲਕਾਤਾ ਵਿਚਾਲੇ ਹੋਵੇਗਾ ਬਰਾਬਰੀ ਦਾ ਮੈਚ

ਚੇਨਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ 2 ਚੋਟੀ ਦੀਆਂ ਟੀਮਾਂ ਪਿਛਲੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਮੰਗਲਵਾਰ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਵਿਚ ਇਕ-ਦੂਜੇ ਨੂੰ ਬਰਾਬਰੀ ਦੀ ਟੱਕਰ ਦੇਣ ਉਤਰਨਗੀਆਂ। ਦੋਵਾਂ ਹੀ ਟੀਮਾਂ ਦਾ ਹੁਣ ਤੱਕ ਟੂਰਨਾਮੈਂਟ ਵਿਚ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਹੈ। ਤਿੰਨ ਵਾਰ ਦੀ ਚੈਂਪੀਅਨ ਚੇਨਈ ਨੇ 5 ਮੈਚਾਂ ਵਿਚੋਂ 4 ਜਿੱਤੇ ਹਨ ਅਤੇ 1 ਮੈਚ ਹਾਰਿਆ ਹੈ, ਜਦਕਿ ਕੋਲਕਾਤਾ 5 ਮੈਚਾਂ ਵਿਚ 4 ਜਿੱਤਾਂ ਅਤੇ 1 ਹਾਰ ਤੋਂ ਬਾਅਦ 8 ਅੰਕ ਹੋਰ ਰਨ ਰੇਟ ਦੀ ਬਦੌਲਤ ਚੋਟੀ ਦੇ ਸਥਾਨ 'ਤੇ ਹੈ। ਮਹਿੰਦਰ ਸਿੰਘ ਧੋਨੀ ਦੀ ਟੀਮ ਆਪਣੇ ਘਰੇਲੂ ਮੈਦਾਨ ਅਤੇ ਹਾਲਾਤ ਦਾ ਫਾਇਦਾ ਚੁੱਕ ਕੇ ਚੋਟੀ ਦੇ ਸਥਾਨ 'ਤੇ ਪੁੱਜਣ ਦੀ ਕੋਸ਼ਿਸ਼ ਕਰੇਗੀ, ਜਦਕਿ ਕੇ. ਕੇ. ਆਰ. ਦੀ ਕੋਸ਼ਿਸ਼ ਜੇਤੂ ਲੈਅ ਬਰਕਰਾਰ ਰੱਖਦੇ ਹੋਏ ਸੂਚੀ ਵਿਚ ਚੋਟੀ 'ਤੇ ਬਣੇ ਰਹਿਣ ਦੀ ਹੋਵੇਗੀ।
ਚੇਨਈ ਨੇ ਆਪਣਾ ਪਿਛਲਾ ਮੈਚ ਆਪਣੇ ਘਰੇਲੂ ਮੈਦਾਨ 'ਤੇ ਕਿੰਗਜ਼ ਇਲੈਵਨ ਪੰਜਾਬ ਤੋਂ 22 ਦੌੜਾਂ ਨਾਲ ਜਿੱਤਿਆ ਸੀ, ਜਦਕਿ ਕੇ. ਕੇ. ਆਰ. ਨੇ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ ਉਸੇ ਦੇ ਮੈਦਾਨ 'ਤੇ 8 ਵਿਕਟਾਂ ਨਾਲ ਹਰਾਇਆ ਸੀ। ਵਿਕਟਕੀਪਰ ਦਿਨੇਸ਼ ਕਾਰਤਿਕ ਅਤੇ ਧੋਨੀ ਦੀਆਂ ਟੀਮਾਂ ਵਿਚਾਲੇ ਬਰਾਬਰੀ ਦੇ ਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਹੈ। ਵਿਰੋਧੀ ਟੀਮ ਦੇ ਮੈਦਾਨ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਕੇ. ਕੇ. ਆਰ. ਦੀ ਟੀਮ ਚੇਨਈ ਦੇ ਮੈਦਾਨ 'ਤੇ ਉਤਰੇਗੀ। ਪਿਛਲੇ ਮੈਚ ਵਿਚ ਉਸ ਦੇ ਗੇਂਦਬਾਜ਼ਾਂ ਨੇ ਰਾਜਸਥਾਨ ਨੂੰ ਸਿਰਫ 139 ਦੌੜਾਂ ਦੇ ਨਿੱਜੀ ਸਕੋਰ 'ਤੇ ਰੋਕਣ ਦਾ ਜਜ਼ਬਾ ਦਿਖਾਇਆ ਸੀ। ਕੇ. ਕੇ. ਆਰ. ਦਾ ਸਭ ਤੋਂ ਧਾਕੜ ਖਿਡਾਰੀ ਆਂਦ੍ਰੇ ਰਸੇਲ ਹੈ। ਜ਼ਬਰਦਸਤ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਦੀ ਬਦੌਲਤ ਕੋਲਕਾਤਾ ਨੇ ਹੁਣ ਤੱਕ ਮੈਚਾਂ ਵਿਚ ਹਰਫਨਮੌਲਾ ਖੇਡ ਦਿਖਾਈ ਹੈ। ਇਸ ਨਾਲ ਉਹ ਚੋਟੀ 'ਤੇ ਹੈ ਪਰ ਉਸ ਦੀ ਅਗਲੀ ਟੱਕਰ ਪਿਛਲੇ ਚੈਂਪੀਅਨ ਧੋਨੀ ਦੀ ਟੀਮ ਨਾਲ ਹੈ, ਜਿਸ ਨੂੰ ਉਸੇ ਦੇ ਮੈਦਾਨ 'ਤੇ ਹਰਾਉਣਾ ਆਸਾਨ ਨਹੀਂ ਹੋਵੇਗਾ। ਚੇਨਈ ਆਪਣੇ ਐੱਮ. ਏ. ਚਿਦਾਂਬਰਮ ਮੈਦਾਨ 'ਤੇ ਹੁਣ ਤੱਕ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਚੁੱਕੀ ਹੈ। ਆਪਣੇ ਮੈਦਾਨ 'ਤੇ ਕੇ. ਕੇ. ਆਰ. ਖਿਲਾਫ ਵੀ ਉਹ ਜੇਤੂ ਕ੍ਰਮ ਬਰਕਰਾਰ ਰੱਖਣਾ ਚਾਹੇਗੀ।


author

Gurdeep Singh

Content Editor

Related News