IPL 2019 : ਰਸੇਲ ਦੀ ਫਿੱਟਨੈੱਸ ਨੇ ਵਧਾਈ KKR ਦੀ ਚਿੰਤਾ, ਹੁਣ ਬ੍ਰੇਥਵੇਟ ''ਤੇ ਟਿਕੀਆਂ ਨਜ਼ਰਾਂ
Thursday, Apr 18, 2019 - 10:17 PM (IST)

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਮੌਜੂਦਾ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਂਦਰੇ ਰਸੇਲ ਵੀਰਵਾਰ ਨੂੰ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲੈ ਸਕੇ। ਬੁੱਧਵਾਰ ਨੂੰ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਉਸ ਦੇ ਮੋਢੇ 'ਤੇ ਸੱਟ ਲੱਗੀ ਸੀ। ਕੇ. ਕੇ. ਆਰ. ਦੀ ਟੀਮ ਸ਼ੁੱਕਰਵਾਰ ਨੂੰ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਨਾਲ ਮੁਕਾਬਲਾ ਹੋਵੇਗਾ ਤੇ ਜੇਕਰ ਇਸ ਮੈਚ ਤੋਂ ਬਾਹਰ ਰਹਿੰਦੇ ਹਨ ਤਾਂ ਵੈਸਟਇੰਡੀਜ਼ ਦੇ ਉਸਦੇ ਸਾਥੀ ਕਾਰਲਸ ਬ੍ਰੇਥਵੇਟ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ।
ਨੀਲਾਮੀ 'ਚ 5 ਕਰੋੜ ਰੁਪਏ ਦੇ ਨਾਲ ਕੇ. ਕੇ. ਆਰ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ ਬਾਰਬਡੋਸ ਦੇ ਬ੍ਰੇਥਵੇਟ ਮੌਜੂਦਾ ਸੈਸ਼ਨ ਦੇ ਕੇ. ਕੇ. ਆਰ. ਵਲੋਂ ਸਿਰਫ ਇਕ ਮੈਚ ਇੱਥੇ ਦਿੱਲੀ ਕੈਪੀਟਲਸ ਦੇ ਵਿਰੁੱਧ ਖੇਡੇ ਸਨ ਜਿਸ 'ਚ ਟੀਮ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੇ. ਕੇ. ਆਰ. ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਹਾਲਾਂਕਿ ਕਿਹਾ ਕਿ ਰਸੇਲ ਅਜੇ ਮੈਚ ਤੋਂ ਬਾਹਰ ਨਹੀਂ ਹੋਏ ਹਨ। ਕਾਰਤਿਕ ਨੇ ਕਿਹਾ ਕਿ ਕੱਲ ਉਸਦੇ ਸ਼ੁਰੂਆਤੀ ਐਕਸਰੇ ਹੋਏ ਤੇ ਹੁਣ 24 ਘੰਟੇ ਵੀ ਨਹੀਂ ਹੋਏ ਹਨ। ਕੱਲ ਤਕ ਸਾਨੂੰ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ।