IPL 2019: ਧੋਨੀ ਦਾ ਜੇਤੂ ਰੱਥ ਰੋਕਣ ਉਤਰੇਗਾ ਰੋਹਿਤ

04/03/2019 1:21:34 AM

ਮੁੰਬਈ— ਆਈ. ਪੀ. ਐੱਲ.-12 ਵਿਚ ਜੇਤੂ ਰੱਥ 'ਤੇ ਸਵਾਰ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੂੰ ਰੋਕਣ ਲਈ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਬੁੱਧਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਆਪਣਾ ਸਭ ਕੁਝ ਝੋਕਣਾ ਪਵੇਗਾ। ਸਾਬਕਾ ਚੈਂਪੀਅਨ ਚੇਨਈ ਨੇ ਹੁਣ ਤਕ ਆਪਣੇ ਸਾਰੇ ਤਿੰਨੋਂ ਮੁਕਾਬਲੇ ਜਿੱਤ ਲਏ ਹਨ ਤੇ ਉਹ 6 ਅੰਕਾਂ ਨਾਲ ਲੀਗ ਦੀ ਅੰਕ ਸੂਚੀ ਵਿਚ ਚੋਟੀ 'ਤੇ ਹੈ। ਦੂਜੇ ਪਾਸੇ ਮੁੰਬਈ ਨੇ ਹੁਣ ਤਕ ਤਿੰਨ ਮੈਚਾਂ ਵਿਚੋਂ ਇਕ ਜਿੱਤਿਆ ਹੈ ਤੇ ਉਹ ਸਿਰਫ 2 ਅੰਕਾਂ ਨਾਲ ਅੰਕ ਸੂਚੀ ਵਿਚ ਛੇਵੇਂ ਸਥਾਨ 'ਤੇ ਹੈ। ਧੋਨੀ ਦੀ ਟੀਮ ਆਪਣੀ ਖਿਤਾਬ ਬਚਾਓ ਮੁਹਿੰਮ ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ ਤੇ ਇਸ ਗੱਲ ਦਾ ਸਬੂਤ ਉਸ ਨੇ ਉਦਘਾਟਨੀ ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਸਿਰਫ 70 ਦੌੜਾਂ 'ਤੇ ਢੇਰ ਕਰ ਕੇ ਦਿੱਤਾ ਸੀ। ਚੇਨਈ ਨੇ ਇਸ ਤੋਂ ਬਾਅਦ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਤੇ ਰਾਜਸਥਾਨ ਰਾਇਲਜ਼ ਨੂੰ 8 ਦੌੜਾਂ ਨਾਲ ਹਰਾਇਆ ਸੀ।
ਰਾਜਸਥਾਨ ਵਿਰੁੱਧ ਧੋਨੀ ਨੇ ਅਜੇਤੂ 75 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਸੀ, ਜਿਸ ਵਿਚ ਉਸ ਵਲੋਂ ਆਖਰੀ ਓਵਰ ਵਿਚ ਲਾਏ ਤਿੰਨ ਛੱਕੇ ਸ਼ਾਮਲ ਸਨ। ਧੋਨੀ ਨੇ ਇਸ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦਾ ਬਾਖੂਬੀ ਇਸਤੇਮਾਲ ਕਰਦਿਆਂ ਰਾਜਸਥਾਨ ਨੂੰ ਟੀਚੇ ਤਕ ਨਹੀਂ ਪਹੁੰਚਣ ਦਿੱਤਾ। ਰੋਹਿਤ ਨੇ ਜੇਕਰ ਚੇਨਈ ਦਾ ਜੇਤੂ ਰੱਥ ਰੋਕਣਾ ਹੈ ਤਾਂ ਉਸ ਨੂੰ ਧੋਨੀ ਦੀ ਕਪਤਾਨੀ ਵਾਲੀਆਂ ਚਾਲਾਂ ਦਾ ਡਟ ਕੇ ਜਵਾਬ ਦੇਣਾ ਪਵੇਗਾ। ਮੁੰਬਈ ਨੂੰ ਆਪਣੇ ਪਹਿਲੇ ਮੈਚ ਵਿਚ ਆਪਣੇ ਘਰ ਵਿਚ 37 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁੰਬਈ ਨੇ ਫਿਰ ਨੇੜਲੇ ਮੁਕਾਬਲੇ ਵਿਚ ਬੈਂਗਲੁਰੂ ਨੂੰ 6 ਦੌੜਾਂ ਨਾਲ ਹਰਾਇਆ ਪਰ ਕਿੰਗਜ਼ ਇਲੈਵਨ ਪੰਜਾਬ ਦੇ ਹੱਥੋਂ ਉਸ ਨੂੰ 8 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ।
ਮੁੰਬਈ ਲਈ ਵੈਸੇ ਮਸ਼ਹੂਰ ਹੈ ਕਿ ਉਹ ਟੂਰਨਾਮੈਂਟ ਵਿਚ ਹੌਲੀ ਸ਼ੁਰੂਆਤ ਕਰਦੀ ਹੈ ਪਰ ਲੈਅ ਫੜਨ 'ਤੇ ਸਿੱਧੇ ਪਲੇਅ ਆਫ ਵਿਚ ਜਾ ਕੇ ਹੀ ਦਮ ਲੈਂਦੀ ਹੈ। ਮੁੰਬਈ ਨੇ ਪਿਛਲੇ 6 ਸਾਲਾਂ ਵਿਚ ਤਿੰਨ ਵਾਰ ਖਿਤਾਬ ਜਿੱਤਿਆ ਹੈ ਤੇ ਖਿਤਾਬ ਜਿੱਤਣ ਦੇ ਮਾਮਲੇ ਵਿਚ ਉਹ ਚੇਨਈ ਦੀ ਬਰਾਬਰੀ ਕਰਦੀ ਹੈ। ਚੇਨਈ ਵੀ ਤਿੰਨ ਵਾਰ ਦੀ ਜੇਤੂ ਹੈ। ਇਹ ਮੁਕਾਬਲਾ ਆਈ. ਪੀ. ਐੱਲ. ਦੀਆਂ ਦੋ ਸਭ ਤੋਂ ਸਫਲ ਟੀਮਾਂ ਦੇ ਕਪਤਾਨਾਂ ਦਾ ਮੁਕਾਬਲਾ ਹੋਵੇਗਾ ਤੇ ਜਿਹੜੀ ਟੀਮ ਅੰਤ ਤਕ ਖੁਦ 'ਤੇ ਕੰਟਰੋਲ ਰੱਖੇਗੀ, ਉਹੀ ਮੈਚ ਜਿੱਤੇਗੀ। ਦੋਵਾਂ ਟੀਮਾਂ ਕੋਲ ਚੰਗੇ ਮੈਚ ਜੇਤੂ ਖਿਡਾਰੀ ਹਨ, ਜਿਹੜੇ ਆਪਣੇ ਦਮ 'ਤੇ ਮੈਚ ਜਿਤਾ ਸਕਦੇ ਹਨ ਪਰ ਬਹੁਤ ਕੁਝ ਧੋਨੀ ਤੇ ਰੋਹਿਤ 'ਤੇ ਨਿਰਭਰ ਰਹੇਗਾ।


Gurdeep Singh

Content Editor

Related News