ਆਈ.ਓ.ਸੀ. ’ਤੇ 2022 ਬੀਜਿੰਗ ਖੇਡਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਦਾ ਦੋਸ਼

Friday, Dec 18, 2020 - 02:36 AM (IST)

ਵਾਸ਼ਿੰਗਟਨ– ਚੀਨ ਵਿਚ ਘੱਟ ਗਿਣਤੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਇਕ ਗਠਜੋੜ ਨੇ ਕੌਮਾਂਤਰੀ ਓਲੰਪਿਕ ਕਮੇਟੀ ’ਤੇ 2022 ਸਰਦ ਰੁੱਤ ਖੇਡਾਂ ਦੀ ਮੇਜ਼ਬਾਨੀ ਦੀਆਂ ਤਿਆਰੀਆਂ ਵਿਚ ਰੁੱਝੇ ਬੀਜਿੰਗ ਵਿਚ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। ਤਿਬੱਤੀਆਂ ਤੇ ਹੋਰਨਾਂ ਸਮੂਹਾਂ ਦੀ ਪ੍ਰਤੀਨਿਧਤਾ ਕਰ ਰਹੇ ਇਕ ਮਨੁੱਖੀ ਅਧਿਕਾਰ ਸਮੂਹ ਨੇ ਆਈ. ਓ. ਸੀ. ਮੁਖੀ ਥਾਮਸ ਬਾਕ ਤੇ ਆਈ. ਓ. ਸੀ. ਮੈਂਬਰ ਜੁਆਨ ਅੰਤੋਨੀਆ ਸਮਾਰਾਂਚ ਜੂਨੀਅਰ ਨੂੰ ਪੱਤਰ ਲਿਖ ਕੇ ਇਹ ਦੋਸ਼ ਲਾਇਆ ਹੈ।

ਪੱਤਰ ਵਿਚ ਲਿਖਿਆ ਹੈ ਕਿ ਆਈ. ਓ. ਸੀ. ਨੇ ਚੀਨੀ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਅੱਖਾਂ ਬੰਦ ਕੀਤੀਆਂ ਹਨ। ਇਸ ਸਮੂਹ ਨੇ 3 ਮਹੀਨੇ ਪਹਿਲਾਂ ਇਕ ਖੁੱਲ੍ਹਾ ਪੱਤਰ ਲਿਖ ਕੇ ਆਈ. ਓ. ਸੀ. ਨੂੰ ਬੀਜਿੰਗ ਤੋਂ ਮੇਜ਼ਬਾਨੀ ਵਾਪਸੀ ਲੈਣ ਨੂੰ ਕਿਹਾ ਸੀ। ਆਈ. ਓ. ਸੀ. ਨੇ ਇਹ ਕਹਿ ਕੇ ਚੀਨ ਨੂੰ 2008 ਦੀਆਂ ਓਲੰਪਿਕ ਦੀ ਮੇਜ਼ਬਾਨੀ ਦਿੱਤੀ ਸੀ ਕਿ ਇਸ ਨਾਲ ਉਥੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਿਹਤਰ ਹੋਵੇਗੀ। ਇਸ ਸਮੂਹ ਨੇ ਆਈ. ਓ. ਸੀ. ਨੂੰ ਕਿਹਾ ਕਿ ਹੁਣ ਉੱਥੇ ਮਨੁੱਖੀ ਅਧਿਕਾਰ ਸਬੰਧੀ ਹਾਲਾਤ 12 ਸਾਲ ਪਹਿਲਾਂ ਤੋਂ ਬਦਤਰ ਹਨ ਤੇ ਚੀਨ ਵਿਚ ਤਾਨਾਸ਼ਾਹੀ ਦਾ ਸਾਮਰਾਜ ਹੈ।


Inder Prajapati

Content Editor

Related News