ਸੱਟ ਲੱਗਣਾ ਨਿਰਾਸ਼ਾਜਨਕ ਪਰ ਤੁਹਾਨੂੰ ਆਪਣੇ ਸਰੀਰ ਦਾ ਸਨਮਾਨ ਕਰਨਾ ਪਵੇਗਾ : ਬੁਮਰਾਹ
Monday, Jan 06, 2025 - 02:35 PM (IST)
ਸਪੋਰਟਸ ਡੈਸਕ- ਪਿੱਠ ਦੀ ਜਕੜਨ ਤੋਂ ਪੀੜਤ ਜਸਪ੍ਰੀਤ ਬੁਮਰਾਹ ‘ਲੜੀ ਦੀ ਸਭ ਤੋਂ ਅਨੁਕੂਲ ਵਿਕਟ’ ਉੱਪਰ ਗੇਂਦਬਾਜ਼ੀ ਕਰਨ ਤੋਂ ਖੁੰਝਣ ਤੋਂ ਨਿਰਾਸ਼ ਹੈ ਪਰ ਭਾਰਤ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਦੇ-ਕਦੇ ਖਿਡਾਰੀ ਲਈ ਆਪਣੇ ਸਰੀਰ ਦਾ ਸਨਮਾਨ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਬੁਮਰਾਹ ਤੀਜੇ ਦਿਨ ਗੇਂਦਬਾਜ਼ੀ ਨਹੀਂ ਕਰ ਸਕਿਆ ਜਦੋਂ ਭਾਰਤ ਨੂੰ ਗੇਂਦਬਾਜ਼ੀ ਦੀ ਮਦਦਗਾਰ ਪਿੱਚ ’ਤੇ ਛੋਟੇ ਟੀਚੇ ਦਾ ਬਚਾਅ ਕਰਨਾ ਸੀ। ਬੁਮਰਾਹ ਨੇ ਕਿਹਾ,‘‘ਤੁਸੀਂ ਆਪਣੇ ਸਰੀਰ ਨਾਲ ਨਹੀਂ ਲੜ ਸਕਦੇ। ਨਿਰਾਸ਼ਾਜਨਕ, ਸ਼ਾਇਦ ਲੜੀ ਦੀ ਸਭ ਤੋਂ ਚੰਗੀ ਵਿਕਟ ’ਤੇ ਗੇਂਦਬਾਜ਼ੀ ਕਰਨ ਤੋਂ ਖੁੰਝ ਗਿਆ। ਪਹਿਲੀ ਪਾਰੀ ਵਿਚ ਆਪਣੇ ਦੂਜੇ ਸਪੈੱਲ ਦੌਰਾਨ ਥੋੜ੍ਹੀ ਅਸਹਿਜਤਾ ਮਹਿਸੂਸ ਹੋਈ ਤੇ ਮੈਨੂੰ ਇਸ ’ਤੇ ਧਿਆਨ ਦੇਣਾ ਪਿਆ।’’