INDvsSA 3rd T20i : ਸੂਰਿਆ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 202 ਦੌੜਾਂ ਦਾ ਟੀਚਾ

Thursday, Dec 14, 2023 - 11:17 PM (IST)

ਸਪੋਰਟਸ ਡੈਸਕ- ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚਾਂ ਦੀ ਲੜੀ ਦਾ ਆਖ਼ਰੀ ਮੈਚ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ, ਜਿੱਥੇ ਦੱਖਣੀ ਅਫਰੀਕਾ ਦੇ ਕਪਤਾਨ ਏਡਨ ਮਾਰਕ੍ਰਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਜਿੱਥੇ ਇਹ ਮੈਚ ਜਿੱਤ ਕੇ ਲੜੀ ਨੂੰ ਬਰਾਬਰੀ 'ਤੇ ਖ਼ਤਮ ਕਰਨਾ ਚਾਹੇਗੀ, ਉੱਥੇ ਹੀ ਦੱਖਣੀ ਅਫਰੀਕਾ ਇਹ ਮੈਚ ਜਿੱਤ ਕੇ ਲੜੀ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਖੇਡੇਗੀ। 

ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਉੱਥੇ ਹੀ ਦੂਜੇ ਮੁਕਾਬਲੇ 'ਚ ਵੀ ਮੀਂਹ ਨੇ ਰੁਕਾਵਟ ਪਾਈ ਸੀ ਪਰ ਡਕਵਰਥਲੁਇਸ ਨਿਯਮ ਤਹਿਤ ਦੱਖਣੀ ਅਫਰੀਕਾ ਨੇ ਜਿੱਤ ਦਰਜ ਕਰਨ 'ਚ ਸਫ਼ਲਤਾ ਹਾਸਲ ਕੀਤੀ ਸੀ। ਪਰ ਅੱਜ ਭਾਰਤੀ ਬੱਲੇਬਾਜ਼ ਵੱਡਾ ਸਕੋਰ ਖੜ੍ਹਾ ਕਰ ਕੇ ਟੀਮ ਨੂੰ ਜਿੱਤ ਦਿਵਾ ਕੇ ਲੜੀ 'ਚ ਬਰਾਬਰੀ ਕਰ ਕੇ ਖ਼ਤਮ ਕਰਨ ਦੇ ਇਰਾਦੇ ਨਾਲ ਖੇਡਣਗੇ। ਇਸ ਦੌਰਾਨ ਪਾਰੀ ਦੀ ਸ਼ੁਰੂਆਤ ਕਰਨ ਆਏ ਸ਼ੁਭਮਨ ਗਿੱਲ ਅਤੇ ਯਸ਼ਸਵੀ ਜਾਇਸਵਾਲ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਤੇ 2 ਓਵਰਾਂ 'ਚ ਹੀ 29 ਦੌੜਾਂ ਬਣਾ ਦਿੱਤੀਆਂ।

ਤੀਜੇ ਓਵਰ 'ਚ ਗੇਂਦਬਾਜ਼ੀ ਕਰਨ ਆਏ ਕੇਸ਼ਵ ਮਹਾਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਗਿੱਲ ਨੂੰ 12 ਦੌੜਾਂ ਅਤੇ ਤਿਲਕ ਵਰਮਾ ਨੂੰ 0 ਦੇ ਨਿਜੀ ਸਕੋਰ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਜਾਇਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 34 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕੀਤਾ। ਉਹ 40 ਗੇਂਦਾਂ 'ਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾ ਕੇ ਸ਼ਮਸੀ ਦੀ ਗੇਂਦ 'ਤੇ ਹੈਂਡ੍ਰਿਕਸ ਹੱਥੋਂ ਕੈਚ ਆਊਟ ਹੋ ਗਿਆ। 

ਕਪਤਾਨ ਸੂਰਿਆਕੁਮਾਰ ਨੇ ਵੀ ਸ਼ਾਨਦਾਰ ਸ਼ਾਟ ਲਗਾਏ ਤੇ 55 ਗੇਂਦਾਂ 'ਚ ਤੇਜ਼ ਸੈਂਕੜਾ ਜੜ ਦਿੱਤਾ ਇਸ ਸੈਂਕੜੇ ਨਾਲ ਉਸ ਨੇ ਅੰਤਰਰਾਸ਼ਟਰੀ ਟੀ-20 'ਚ ਸਭ ਤੋਂ ਵੱਧ ਸੈਂਕੜੇ ਮਾਰਨ ਦੇ ਮਾਮਲੇ 'ਚ ਰੋਹਿਤ ਸ਼ਰਮਾ ਅਤੇ ਗਲੈੱਨ ਮੈਕਸਵੈੱਲ ਦੀ ਬਰਾਬਰੀ ਕਰ ਲਈ ਹੈ। ਹੁਣ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ 4-4 ਸੈਂਕੜੇ ਹੋ ਗਏ ਹਨ। ਸੂਰਿਆ 56 ਗੇਂਦਾਂ 'ਚ 7 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾ ਕੇ ਆਊਟ ਹੋ ਗਿਆ। ਰਿੰਕੂ ਸਿੰਘ ਨੇ ਵੀ 10 ਗੇਂਦਾਂ 'ਚ 14 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤਣ ਲਈ 20 ਓਵਰਾਂ 'ਚ 202 ਦੌੜਾਂ ਦਾ ਟੀਚਾ ਦਿੱਤਾ ਹੈ। 

ਪਲੇਇੰਗ-11 

ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ

ਦੱਖਣੀ ਅਫਰੀਕਾ- ਏਡਨ ਮਾਰਕ੍ਰਮ (ਕਪਤਾਨ), ਮੈਥਿਊ ਬ੍ਰੀਟਜ਼ਕੀ, ਰੀਜ਼ਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਡੋਨੋਵਨ ਫੇਰੇਰਾ, ਕੇਸ਼ਵ ਮਹਾਰਾਜ, ਐਂਡਿਲ ਫੇਲੁਕਵਾਇਓ, ਨਾਂਦ੍ਰੇ ਬਰਗਰ, ਲੀਜ਼ਾਡ ਵਿਲੀਅਮਸ, ਤਬਰੇਜ਼ ਸ਼ਮਸੀ


Harpreet SIngh

Content Editor

Related News