Ind vs NZ : ਮੀਂਹ ਕਾਰਨ ਤੀਜਾ ਵਨਡੇ ਮੈਚ ਹੋਇਆ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼
Wednesday, Nov 30, 2022 - 03:10 PM (IST)

ਕ੍ਰਾਈਸਟਚਰਚ (ਵਾਰਤਾ) : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ ਸੀਰੀਜ਼ 1-0 ਨਾਲ ਜਿੱਤ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੂੰ 220 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਨਿਊਜ਼ੀਲੈਂਡ ਨੇ 18 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 104 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਹੇਗਲੇ ਓਵਲ 'ਤੇ ਮੀਂਹ ਨੇ ਦਸਤਕ ਦਿੱਤੀ।
ਡਕਵਰਥ ਲੁਈਸ ਨਿਯਮ ਅਨੁਸਾਰ ਮੈਚ ਦਾ ਨਤੀਜਾ ਕੱਢਣ ਲਈ ਘੱਟੋ-ਘੱਟ 20 ਓਵਰਾਂ ਦੀ ਗੇਂਦਬਾਜ਼ੀ ਜ਼ਰੂਰੀ ਸੀ, ਪਰ 1 ਘੰਟਾ 40 ਮਿੰਟ ਤੱਕ ਮੀਂਹ ਨਾ ਰੁਕਣ ਤੋਂ ਬਾਅਦ ਅੰਪਾਇਰਾਂ ਨੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਲਈ ਸਲਾਮੀ ਬੱਲੇਬਾਜ਼ ਫਿਨ ਐਲੇਨ ਨੇ 54 ਗੇਂਦਾਂ 'ਤੇ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 57 ਦੌੜਾਂ ਬਣਾਈਆਂ, ਜਦਕਿ ਡੇਵੋਨ ਕੋਨਵੇ ਨੇ 51 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 38 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਭਾਰਤ ਨੂੰ 47.3 ਓਵਰਾਂ 'ਚ 219 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਵਾਸ਼ਿੰਗਟਨ ਸੁੰਦਰ ਨੇ 64 ਗੇਂਦਾਂ 'ਚ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ, ਜਦਕਿ ਸ਼੍ਰੇਯਰ ਅਈਅਰ ਨੇ 59 ਗੇਂਦਾਂ 'ਚ 8 ਚੌਕਿਆਂ ਦੀ ਮਦਦ ਨਾਲ 49 ਦੌੜਾਂ ਦਾ ਯੋਗਦਾਨ ਪਾ ਕੇ ਭਾਰਤ ਨੂੰ ਇਸ ਸਕੋਰ ਤੱਕ ਪਹੁੰਚਾਇਆ। ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤਣ ਵਾਲੀ ਨਿਊਜ਼ੀਲੈਂਡ ਨੇ ਜਿੱਥੇ ਪਹਿਲਾ ਮੈਚ 7 ਵਿਕਟਾਂ ਨਾਲ ਜਿੱਤਿਆ , ਉਥੇ ਹੀ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਫਿਨ ਐਲਨ, ਡੇਵੋਨ ਕੌਨਵੇ, ਕੇਨ ਵਿਲੀਅਮਸਨ (ਕੈਪਟਨ), ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਮੈਟ ਹੈਨਰੀ, ਟਿਮ ਸਾਊਥੀ, ਲਾਕੀ ਫਰਗੂਸਨ।
ਭਾਰਤ (ਪਲੇਇੰਗ ਇਲੈਵਨ): ਸ਼ਿਖਰ ਧਵਨ (ਕੈਪਟਨ), ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਉਮਰਾਨ ਮਲਿਕ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ।