ਇੰਡੋਨੇਸ਼ੀਆ ਓਪਨ : ਲਕਸ਼ਯ ''ਤੇ ਭਾਰੀ ਪਏ ਸ਼੍ਰੀਕਾਂਤ; ਹਾਰ ਦੇ ਨਾਲ ਸਿੰਧੂ ਦੀ ਮੁਹਿੰਮ ਖਤਮ

Thursday, Jun 15, 2023 - 03:39 PM (IST)

ਇੰਡੋਨੇਸ਼ੀਆ ਓਪਨ : ਲਕਸ਼ਯ ''ਤੇ ਭਾਰੀ ਪਏ ਸ਼੍ਰੀਕਾਂਤ; ਹਾਰ ਦੇ ਨਾਲ ਸਿੰਧੂ ਦੀ ਮੁਹਿੰਮ ਖਤਮ

ਜਕਾਰਤਾ : ਕਿਦਾਂਬੀ ਸ਼੍ਰੀਕਾਂਤ ਨੇ ਆਪਣੇ ਤਜ਼ਰਬੇ ਦੀ ਵਰਤੋਂ ਕਰਦਿਆਂ ਦੋ ਭਾਰਤੀ ਖਿਡਾਰੀਆਂ ਦੇ ਮੁਕਾਬਲੇ 'ਚ ਲਕਸ਼ਯ ਸੇਨ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਇੰਡੋਨੇਸ਼ੀਆ ਓਪਨ ਵਰਲਡ ਟੂਰ ਸੁਪਰ 1000 ਬੈਡਮਿੰਟਨ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦੋਂ ਕਿ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਵੀਰਵਾਰ ਨੂੰ  ਆਪਣੀ ਮੁਹਿੰਮ ਹਾਰ ਨਾਲ ਖਤਮ ਕੀਤੀ। ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿੱਚ ਲਕਸ਼ਯ ਨੇ ਸ੍ਰੀਕਾਂਤ ਨੂੰ ਸਖ਼ਤ ਟੱਕਰ ਦਿੱਤੀ ਪਰ ਵਿਸ਼ਵ ਦੇ ਤਜਰਬੇਕਾਰ ਨੰਬਰ ਇੱਕ ਰਹਿ ਚੁੱਕੇ ਖਿਡਾਰੀ ਨੇ 45 ਮਿੰਟ ਤੱਕ ਚੱਲੇ ਮੈਚ ਵਿੱਚ 21-17, 22-20 ਨਾਲ ਜਿੱਤ ਦਰਜ ਕੀਤੀ। 

ਦੋਵਾਂ ਖਿਡਾਰੀਆਂ ਦੇ ਤਿੰਨ ਮੈਚਾਂ ਵਿੱਚ ਸ੍ਰੀਕਾਂਤ ਦੀ ਇਹ ਤੀਜੀ ਜਿੱਤ ਹੈ। ਵਿਸ਼ਵ ਦੀ 14ਵੇਂ ਨੰਬਰ ਦੀ ਮਹਿਲਾ ਸਿੰਗਲਜ਼ ਖਿਡਾਰਨ ਸਿੰਧੂ ਨੂੰ ਦੂਜੇ ਦੌਰ ਦੇ ਮੈਚ ਵਿੱਚ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਚੀਨੀ ਤਾਈਪੇ ਦੀ ਤਾਈ ਜ਼ੂ ਯਿੰਗ ਤੋਂ 18-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਪਿਛਲੇ ਦੋ ਟੂਰਨਾਮੈਂਟਾਂ ਵਿੱਚ ਸ਼ੁਰੂਆਤੀ ਦੌਰ ਤੋਂ ਬਾਹਰ ਹੋ ਗਈ ਸੀ। ਸਿੰਧੂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਤਾਈ ਜ਼ੂ ਖਿਲਾਫ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਖਿਡਾਰੀਆਂ ਵਿਚਾਲੇ ਖੇਡੇ ਗਏ 24 ਮੈਚਾਂ 'ਚ ਚੀਨੀ ਤਾਈਪੇ ਦੇ ਖਿਡਾਰੀ ਨੇ 19 ਮੈਚ ਜਿੱਤੇ ਹਨ। ਸਿੰਧੂ ਦੀ ਹਾਰ ਨਾਲ ਮਹਿਲਾ ਸਿੰਗਲਜ਼ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ।

ਇਹ ਵੀ ਪੜ੍ਹੋ : ਤੇਜ਼ੀ ਨਾਲ ਸੱਟਾਂ ਤੋਂ ਉਭਰ ਰਹੇ ਨੇ ਰਿਸ਼ਭ ਪੰਤ, ਬਿਨਾਂ ਕਿਸੇ ਸਹਾਰੇ ਦੇ ਪੌੜੀਆਂ ਚੜ੍ਹਦੇ ਆਏ ਨਜ਼ਰ (ਵੇਖੋ ਵੀਡੀਓ)

ਪੁਰਸ਼ ਸਿੰਗਲਜ਼ ਮੈਚ ਵਿੱਚ ਲਕਸ਼ਯ ਨੇ 4-0 ਦੀ ਬੜ੍ਹਤ ਹਾਸਲ ਕਰਨ ਲਈ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਸ਼੍ਰੀਕਾਂਤ ਨੇ ਲੈਅ ਹਾਸਲ ਕਰਨ ਦੇ ਬਾਅਦ ਵਾਪਸੀ  ਕੀਤੀ। ਇਸ ਤੋਂ ਬਾਅਦ ਦੋਵੇਂ 17-17 ਦੇ ਪੱਧਰ 'ਤੇ ਪਹੁੰਚ ਗਏ। ਸ਼੍ਰੀਕਾਂਤ ਨੇ ਹੁਣ ਹਮਲਾਵਰ ਰੁਖ ਅਪਣਾਇਆ ਅਤੇ ਲਗਾਤਾਰ ਚਾਰ ਅੰਕ ਬਣਾ ਕੇ ਪਹਿਲੀ ਗੇਮ ਜਿੱਤ ਲਈ। ਦੂਜੇ ਸੈੱਟ ਵਿੱਚ ਵੀ ਦੋਵਾਂ ਵਿਚਾਲੇ ਸਖ਼ਤ ਟੱਕਰ ਜਾਰੀ ਰਹੀ। ਇਕ ਸਮੇਂ ਦੋਵਾਂ ਦਾ ਸਕੋਰ 13-13 ਸੀ। ਸ਼੍ਰੀਕਾਂਤ ਨੇ ਲਗਾਤਾਰ ਛੇ ਅੰਕ ਹਾਸਲ ਕਰਕੇ 20-14 ਦੀ ਬੜ੍ਹਤ ਬਣਾ ਲਈ।

ਵਿਸ਼ਵ ਚੈਂਪੀਅਨਸ਼ਿਪ 2021 ਦੇ ਚਾਂਦੀ ਤਮਗਾ ਜੇਤੂ ਲਕਸ਼ਯ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਸਕੋਰ 20-20 ਕਰ ਦਿੱਤਾ। ਤਜਰਬੇ ਦਾ ਫਾਇਦਾ ਉਠਾਉਂਦੇ ਹੋਏ ਸ਼੍ਰੀਕਾਂਤ ਨੇ ਲਗਾਤਾਰ ਦੋ ਅੰਕ ਬਣਾ ਕੇ ਮੈਚ ਜਿੱਤ ਲਿਆ। ਅਗਲੇ ਦੌਰ ਵਿੱਚ ਉਸਦਾ ਸਾਹਮਣਾ ਚੀਨ ਦੇ ਲੀ ਸ਼ੀ ਫੇਂਗ ਨਾਲ ਹੋਵੇਗਾ। ਇੱਕ ਹੋਰ ਮੈਚ ਵਿੱਚ ਫੇਂਗ ਨੇ ਚੌਥਾ ਦਰਜਾ ਪ੍ਰਾਪਤ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ 21-19, 21-14 ਨਾਲ ਹਰਾਇਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News