ਸੁਸ਼ੀਲ ਦੇ ਭਾਰ ਵਰਗ ''ਚ ਹੋਵੇਗਾ ਘਮਾਸਾਨ
Sunday, Jul 21, 2019 - 11:07 AM (IST)

ਸਪੋਰਟਸ ਡੈਸਕ— ਭਾਰਤੀ ਕੁਸ਼ਤੀ ਮਹਾਸੰਘ ਟੋਕੀਓ ਓਲੰਪਿਕ ਲਈ ਪਹਿਲੀ ਕੁਆਲੀਫਾਇੰਗ ਪ੍ਰਤੀਯੋਗਿਤਾ ਵਰਲਡ ਚੈਂਪੀਅਨਸ਼ਿਪ ਲਈ ਚੋਣ ਟ੍ਰਾਇਲ ਆਯੋਜਿਤ ਕਰੇਗਾ ਤੇ ਇਸ 'ਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੇ 74 ਕਿ. ਗ੍ਰਾ. ਵਰਗ 'ਚ ਜਗ੍ਹਾ ਬਣਾਉਣ ਲਈ ਘਮਾਸਾਨ ਹੋਵੇਗਾ। ਭਾਰਤੀ ਕੁਸ਼ਤੀ ਮਹਾਸੰਘ ਨੇ ਦੱਸਿਆ ਕਿ ਕਜ਼ਾਕਿਸਤਾਨ 'ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਟੋਕੀਓ ਓਲੰਪਿਕ ਦੇ ਲਈ ਪਹਿਲੀ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ ਤੇ ਇਸ ਦੇ ਲਈ ਵੱਖ-ਵੱਖ ਵਰਗਾਂ ਦੇ ਟ੍ਰਾਇਲ ਆਯੋਜਿਤ ਕੀਤੇ ਜਾਣਗੇ। ਹਰਿਆਣਾ ਦੇ ਸੋਨੀਪਤ 'ਚ 26 ਜੁਲਾਈ ਨੂੰ ਫ੍ਰੀ ਸਟਾਈਲ ਵਰਗ ਦੇ ਟ੍ਰਾਇਲ ਵਿਚ 57, 65, 74, 86, 97 ਤੇ 125 ਕਿ. ਗ੍ਰਾ. ਦੇ ਮੁਕਾਬਲੇ ਹੋਣਗੇ।
ਭਾਰਤ ਲਈ 2008 ਦੀਆਂ ਬੀਜਿੰਗ ਓਲੰਪਿਕ ਦੇ ਕਾਂਸੀ ਤਮਗਾ ਤੇ 2012 ਦੀਆਂ ਲੰਡਨ ਓਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਣ ਵਾਲਾ ਸੁਸ਼ੀਲ ਇਸ ਸਮੇਂ ਰੂਸ 'ਚ ਟ੍ਰੇਨਿੰਗ ਕਰ ਰਿਹਾ ਹੈ। ਅਜੇ ਇਹ ਸਾਫ ਨਹੀਂ ਹੈ ਕਿ ਉਹ 26 ਜੁਲਾਈ ਦੇ ਟ੍ਰਾਇਲਾਂ 'ਚ ਹਿੱਸਾ ਲਵੇਗਾ ਜਾਂ ਨਹੀਂ। ਸੁਸ਼ੀਲ ਅਦਾਲਤੀ ਵਿਵਾਦ ਕਾਰਨ 2016 ਦੀਆਂ ਰੀਓ ਓਲੰਪਿਕ 'ਚ ਵੀ ਹਿੱਸਾ ਨਹੀਂ ਲੈ ਸਕਿਆ ਸੀ। ਸੁਸ਼ੀਲ ਦੇ ਭਾਰ ਵਰਗ 'ਚ ਇਸ ਸਮੇਂ ਪ੍ਰਵੀਨ ਰਾਣਾ, ਅਮਿਤ ਧਨਖੜ ਤੇ ਜਿਤੇਂਦਰ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਭਾਰ ਵਰਗ ਤੋਂ ਵਰਲਡ ਚੈਂਪੀਅਨਸ਼ਿਪ 'ਚ ਜਾਣ ਲਈ ਸਭ ਤੋਂ ਜ਼ਿਆਦਾ ਘਮਾਸਾਨ ਹੋਵੇਗਾ। ਰੀਓ ਓਲੰਪਿਕ ਤੋਂ ਪਹਿਲਾਂ ਨਰਸਿੰਘ ਯਾਦਵ ਨੇ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤ ਕੇ ਦੇਸ਼ ਨੂੰ ਓਲੰਪਿਕ ਕੋਟਾ ਦਿਵਾਇਆ ਸੀ ਪਰ ਬਾਅਦ 'ਚ ਸੁਸ਼ੀਲ ਨੇ ਨਰਸਿੰਘ ਨਾਲ ਟ੍ਰਾਇਲ ਮੰਗਿਆ ਤੇ ਫਿਰ ਇਹ ਮਾਮਲਾ ਅਦਾਲਤ 'ਚ ਚਲਾ ਗਿਆ।
ਕੁਸ਼ਤੀ ਮਹਾਸੰਘ ਨੇ ਇਸ ਮਾਮਲੇ 'ਚ ਨਰਸਿੰਘ ਦਾ ਸਮਰਥਨ ਕੀਤਾ ਤੇ ਨਰਸਿੰਘ ਬਕਾਇਦਾ ਰੀਓ ਵੀ ਚਲਾ ਗਿਆ ਪਰ ਉਥੇ ਉਸਦੇ ਡੋਪ ਟੈਸਟ 'ਚ ਦੋਸ਼ੀ ਹੋਣ ਦੀ ਗੱਲ ਸਾਹਮਣੇ ਆਈ ਤੇ ਉਸ 'ਤੇ 4 ਸਾਲ ਦੀ ਪਾਬੰਦੀ ਲਾ ਦਿੱਤੀ। ਰੀਓ 'ਚ ਭਾਰਤ ਲਈ 74 ਕਿ. ਗ੍ਰਾ. ਵਰਗ ਦਾ ਸਥਾਨ ਖਾਲੀ ਰਿਹਾ ਤੇ ਇਸ 'ਚ ਕੋਈ ਪਹਿਲਵਾਨ ਨਹੀਂ ਉਤਰ ਸਕਿਆ ਸੀ।