ਵਿੰਡੀਜ਼ ਵੀ ਫਤਿਹ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ

06/29/2017 1:39:31 AM

ਟਾਂਟਨ— ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੂਰਨਾਮੈਂਟ 'ਚ ਮੇਜ਼ਬਾਨ ਇੰਗਲੈਂਡ ਵਿਰੁੱਧ ਜਿੱਤ ਨਾਲ ਸ਼ੁਰੂਆਤ ਤੋਂ ਬਾਅਦ ਮਨੋਬਲ ਕਾਫੀ ਉੱਚਾ ਹੈ ਤੇ ਉਹ ਵੀਰਵਾਰ ਨੂੰ ਵੈਸਟ ਇੰਡੀਜ਼ ਵਿਰੁੱਧ ਆਪਣੇ ਦੂਜੇ ਮੈਚ ਵਿਚ ਵੀ ਆਪਣੀ ਇਸ ਲੈਅ ਨੂੰ ਬਰਕਰਾਰ ਰੱਖਣ ਦੇ ਟੀਚੇ ਨਾਲ ਉਤਰੇਗੀ।
ਮਿਤਾਲੀ ਰਾਜ ਦੀ ਕਪਤਾਨੀ ਵਾਲੀ ਮਹਿਲਾ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਸੀ, ਜਦਕਿ ਵੈਸਟ ਇੰਡੀਜ਼ ਆਪਣਾ ਪਹਿਲਾ ਹੀ ਮੈਚ ਆਸਟ੍ਰੇਲੀਆ ਤੋਂ 8 ਵਿਕਟਾਂ ਨਾਲ ਇਕਤਰਫਾ ਅੰਦਾਜ਼ 'ਚ ਗੁਆ ਬੈਠੀ ਸੀ। ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਇੰਗਲੈਂਡ ਵਿਰੁੱਧ ਮੈਚ 'ਚ ਭਾਰਤੀ ਟੀਮ ਦੀਆਂ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਹਰਫਨਮੌਲਾ ਖੇਡ ਦਿਖਾਈ ਸੀ ਤੇ ਮੇਜ਼ਬਾਨ ਟੀਮ ਨੂੰ 282 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਇਸ ਮੈਚ 'ਚ ਕਪਤਾਨ ਤੇ ਸਟਾਰ ਬੱਲੇਬਾਜ਼ ਮਿਤਾਲੀ ਨੇ ਇਕ ਦਿਨਾ ਕ੍ਰਿਕਟ 'ਚ ਲਗਾਤਾਰ 7 ਅਰਧ ਸੈਂਕੜੇ ਬਣਾਉਣ ਦਾ ਬਿਹਤਰੀਨ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਉਸ ਨੇ 71 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਦਕਿ ਪੂਨਮ ਰਾਊਤ ਨੇ 86 ਤੇ ਸਮ੍ਰਿਤੀ ਮੰਧਾਨਾ ਨੇ 90 ਦੌੜਾਂ ਬਣਾਈਆਂ ਤੇ 3 ਅਰਧ ਸੈਂਕੜੇ ਲਾ ਕੇ ਭਾਰਤੀ ਮਹਿਲਾਵਾਂ ਨੇ ਵਿਰੋਧੀ ਟੀਮ ਨੂੰ ਵੱਡਾ ਟੀਚਾ ਦਿੱਤਾ।
ਵੈਸਟਇੰਡੀਜ਼ ਵਿਰੁੱਧ ਵੀ ਇਨ੍ਹਾਂ ਖਿਡਾਰਨਾਂ ਦੀ ਅਹਿਮ ਭੂਮਿਕਾ ਰਹੇਗੀ, ਜਦਕਿ ਹਰਮੀਤ ਕੌਰ ਵੀ ਚੰਗੀ ਸਕੋਰਰ ਹੈ। ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ੀ ਵਿਚ ਵੀ ਟੀਮ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਵਨ ਡੇ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਝੂਲਨ ਗੋਸਵਾਮੀ, ਏਕਤਾ ਬਿਸ਼ਟ, ਸ਼ਿਖਾ ਪਾਂਡੇ, ਪੂਨਮ ਯਾਦਵ ਤੇ ਦੀਪਤੀ ਸ਼ਰਮਾ ਟੀਮ ਦੀਆਂ ਅਹਿਮ ਖਿਡਾਰਨਾਂ ਹਨ, ਜਿਨ੍ਹਾਂ 'ਤੇ ਇਕ ਵਾਰ ਫਿਰ ਵੈਸਟਇੰਡੀਜ਼ ਨੂੰ ਰੋਕਣ ਦੀ ਜ਼ਿੰਮੇਵਾਰੀ ਹੋਵੇਗੀ। ਇਨ੍ਹਾਂ ਗੇਂਦਬਾਜ਼ਾਂ ਨੇ ਇੰਗਲੈਂਡ ਟੀਮ ਨੂੰ 47.3 ਓਵਰਾਂ ਵਿਚ ਹੀ 246 'ਤੇ ਢੇਰ ਕਰ ਕੇ ਮੈਚ ਆਸਾਨੀ ਨਾਲ ਆਪਣੇ ਵੱਲ ਕਰ ਲਿਆ ਸੀ, ਹਾਲਾਂਕਿ ਭਾਰਤੀ ਮਹਿਲਾਵਾਂ ਲਈ ਆਪਣੀ ਲੈਅ ਬਰਕਰਾਰ ਰੱਖਣ ਲਈ ਅਹਿਮ ਹੋਵੇਗਾ ਕਿ ਉਹ ਵੈਸਟ ਇੰਡੀਜ਼ ਵਿਰੁੱਧ ਵੀ ਪੂਰੀ ਹਮਲਾਵਰਤਾ ਨਾਲ ਖੇਡ ਦਿਖਾਏ, ਜਿਹੜੀ ਟੂਰਨਾਮੈਂਟ 'ਚ ਆਪਣਾ ਖਾਤਾ ਖੋਲ੍ਹਣ ਲਈ ਬਰਕਰਾਰ ਹੈ।
ਵੈਸਟ ਇੰਡੀਜ਼ ਦੀ ਟੀਮ 'ਚ ਹੇਲੇ ਮੈਥਿਊਜ਼, ਫੇਲਿਕਾ ਵਾਲਟਰਸ, ਚੇਡੀਨ ਨੇਸ਼ੰਸ, ਕਪਤਾਨ ਸਟੇਫਨੀ ਟੇਲਰ ਤੇ ਤਜਰਬੇਕਾਰ ਡਿਆਂਡਰੂ ਡੌਟਿਨ ਤੋਂ ਚੰਗੇ ਸਕੋਰ ਦੀ ਉਮੀਦ ਹੋਵੇਗੀ। ਇਨ੍ਹਾਂ ਤੋਂ ਇਲਾਵਾ ਪਿਛਲੇ ਮੈਚ 'ਚ ਕੋਈ ਹੋਰ ਦਹਾਈ ਦੇ ਅੰਕੜੇ ਵਿਚ ਨਹੀਂ ਪਹੁੰਚ ਸਕੀ ਸੀ, ਜਦਕਿ ਗੇਂਦਬਾਜ਼ਾਂ ਵਿਚ ਵੀ ਕਪਤਾਨ ਟੇਲਰ ਅਹਿਮ ਰਹੇਗੀ, ਜਿਸ ਨੇ ਪਿਛਲੇ ਮੈਚ ਵਿਚ ਦੋ ਵਿਕਟਾਂ ਕੱਢੀਆਂ ਸਨ।


Related News