ਭਾਰਤੀ ਮਹਿਲਾ ਟੀਮ ਨੇ ਵੀ ਨਿਊਜ਼ੀਲੈਂਡ ''ਚ ਰਚਿਆ ਇਤਿਹਾਸ

Tuesday, Jan 29, 2019 - 01:34 PM (IST)

ਨਵੀਂ ਦਿੱਲੀ : ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (23 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਪਨਰ ਸਮ੍ਰਿਤੀ ਮੰਧਾਨਾ (ਅਜੇਤੂ 90) ਦੀ ਧਾਕੜ ਪਾਰੀ ਅਤੇ ਕਪਤਾਨ ਮਿਤਾਲੀ ਰਾਜ (ਅਜੇਤੂ 63) ਦੀ ਪਾਰੀ ਦੇ ਦਮ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ ਇਕ ਪਾਸੜ ਅੰਦਾਜ਼ 'ਚ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾਉਣ ਦੇ ਨਾਲ ਇਤਿਹਾਸ ਰਚ ਦਿੱਤਾ। ਭਾਰਤ ਨੇ ਆਈ. ਸੀ. ਸੀ. ਚੈਂਪੀਅਨਸ਼ਿਪ ਦੇ ਤਹਿਤ ਖੇਡੇ ਗਏ ਇਸ ਮੁਕਾਬਲੇ ਵਿਚ ਨਿਊਜ਼ੀਲੈਂਡ ਦੇ 44.2 ਓਵਰਾਂ ਵਿਚ 161 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 35.2 ਓਵਰਾਂ ਵਿਚ ਹੀ 2 ਵਿਕਟਾਂ 'ਤੇ 166 ਦੌੜਾਂ ਬਣਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤੀ ਪੁਰਸ਼ ਟੀਮ ਨੇ ਕਲ ਇਸੇ ਮੈਦਾਨ 'ਤੇ ਨਿਊਜ਼ੀਲੈਂਡ ਨੂੰ ਤੀਜੇ ਵਨ ਡੇ 'ਚ ਹਰਾ ਕੇ 10 ਸਾਲ ਬਾਅਦ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਦੋ-ਪੱਖੀ ਸੀਰੀਜ਼ ਜਿੱਤੀ ਸੀ ਅਤੇ ਹੁਣ ਮਹਿਲਾ ਟੀਮ ਨੇ ਨਿਊਜ਼ੀਲੈਂਡ ਵਿਚ ਪਹਿਲੀ ਵਾਰ ਵਨ ਡੇ ਸੀਰੀਜ਼ ਜਿੱਤਣ ਦਾ ਕਾਰਨਾਮਾ ਕਰ ਕੇ ਦਿਖਾਇਆ। 

PunjabKesari

ਭਾਰਤੀ ਮਹਿਲਾ ਟੀਮ ਨੇ ਪਹਿਲਾ ਵਨ ਡੇ ਨੇਪੀਅਰ ਵਿਚ 9 ਵਿਕਟਾਂ ਨਾਲ ਜਿੱਤਿਆ ਸੀ ਅਤੇ ਹੁਣ ਦੂਜਾ ਵਨ ਡੇ ਉਸ ਨੇ 8 ਵਿਕਟਾਂ ਨਾਲ ਜਿੱਤ ਲਿਈ। ਨੌਜਵਾਨ ਬੱਲੇਬਾਜ਼ ਮੰਧਾਨਾ ਨੇ ਨੇਪੀਅਰ ਵਿਚ ਅਜੇਤੂ 105 ਦੌੜਾਂ ਬਣਾਈਆਂ ਸੀ ਅਤੇ ਉਸੇ ਲੈਅ ਨੂੰ ਦੂਜੇ ਮੈਚ ਵਿਚ ਬਰਕਰਾਰ ਰੱਖਦਿਆਂ ਮੰਧਾਨਾ ਨੇ 83 ਗੇਂਦਾਂ ਵਿਚ 13 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 90 ਦੌੜਾਂ ਲਾਈਆਂ। ਕਪਤਾਨ ਮਿਤਾਲੀ ਨੇ ਵੀ ਸਹਿਜ ਪਾਰੀ ਖੇਡਦਿਆਂ ਮੰਧਾਨਾ ਦਾ ਸ਼ਾਨਦਾਰ ਸਾਥ ਦਿੱਤਾ ਅਤੇ 111 ਗੇਂਦਾਂ ਵਿਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ  63 ਦੌੜਾਂ ਬਣਾਈਆਂ। ਮਿਤਾਲੀ ਨੇ ਭਾਰਤ ਲਈ ਜੇਤੂ ਛੱਕਾ ਮਾਰ ਕੇ 88 ਗੇਂਦਾਂ ਬਾਕੀ ਰਹਿੰਦਿਆਂ ਮੈਚ ਖਤਮ ਕਰ ਦਿੱਤਾ। ਮੰਧਾਨਾ ਅਤੇ ਮਿਤਾਲੀ ਨੇ ਤੀਜੇ ਵਿਕਟ ਲਈ 30.4 ਓਵਰਾਂ ਵਿਚ 151 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਭਾਰਤ ਨੇ ਜੇਮਿਮਾ ਰੋਡ੍ਰਿਗਸ (0) ਅਤੇ ਦੀਪਤੀ ਸ਼ਰਮਾ (8) ਦੀ ਵਿਕਟ 15 ਦੌੜਾਂ 'ਤੇ ਗੁਆਉਣ ਤੋਂ ਬਾਅਦ ਮੰਧਾਨਾ ਅਤੇ ਮਿਤਾਲੀ ਨੇ ਕੀਵੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ।


Related News