ਲਗਾਤਾਰ ਤੀਜੀ ਹਾਰ ਨਾਲ ਭਾਰਤ ਫਾਈਨਲ ਦੀ ਦੌੜ ''ਚੋਂ ਬਾਹਰ
Tuesday, Mar 27, 2018 - 12:09 AM (IST)
ਮੁੰਬਈ—ਭਾਰਤੀ ਮਹਿਲਾ ਟੀਮ ਦਾ ਟੀ-20 ਤਿਕੋਣੀ ਸੀਰੀਜ਼ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਤੇ ਮੇਜ਼ਬਾਨ ਟੀਮ ਸੋਮਵਾਰ ਨੂੰ ਆਸਟਰੇਲੀਆ ਹੱਥੋਂ 36 ਦੌੜਾਂ ਦੀ ਹਾਰ ਝੱਲ ਕੇ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈ।
ਆਸਟਰੇਲੀਆ ਨੇ 20 ਓਵਰਾਂ 'ਚ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ, ਜਦਕਿ ਭਾਰਤੀ ਟੀਮ ਪੰਜ ਵਿਕਟਾਂ 'ਤੇ 150 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਦੀ ਟੂਰਨਾਮੈਂਟ 'ਚ ਲਗਾਤਾਰ ਤੀਜੀ ਹਾਰ ਹੈ ਤੇ ਉਹ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈ ਹੈ। ਭਾਰਤ ਦੀ ਹਾਰ ਦੇ ਨਾਲ ਆਸਟਰੇਲੀਆ ਤੇ ਇੰਗਲੈਂਡ ਨੇ ਟੂਰਨਾਮੈਂਟ ਦੇ 31 ਮਾਰਚ ਨੂੰ ਹੋਣ ਵਾਲੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਭਾਰਤ ਨੂੰ ਆਸਟਰੇਲੀਆ ਤੋਂ ਲਗਾਤਾਰ ਦੂਜੀ ਹਾਰ ਮਿਲੀ ਹੈ। ਉਸ ਨੇ ਇਕ ਮੈਚ ਇੰਗਲੈਂਡ ਤੋਂ ਗੁਆਇਆ ਹੈ। ਭਾਰਤ ਦਾ ਆਖਰੀ ਮੁਕਾਬਲਾ ਇੰਗਲੈਂਡ ਨਾਲ 29 ਮਾਰਚ ਨੂੰ ਹੋਣਾ ਹੈ, ਜਦਕਿ ਆਸਟਰੇਲੀਆਈ ਟੀਮ 28 ਮਾਰਚ ਨੂੰ ਇੰਗਲੈਂਡ ਨਾਲ ਖੇਡੇਗੀ। ਇੰਗਲੈਂਡ ਤੇ ਆਸਟਰੇਲੀਆ ਦੇ ਇਸ ਸਮੇਂ 4-4 ਅੰਕ ਹਨ। ਭਾਰਤ ਦੇ ਖਾਤੇ 'ਚ ਇਕ ਵੀ ਅੰਕ ਨਹੀਂ ਹੈ।
ਭਾਰਤੀ ਮਹਿਲਾ ਟੀਮ ਆਪਣੀ ਜ਼ਮੀਨ 'ਤੇ ਇਕ ਤੋਂ ਬਾਅਦ ਇਕ ਮੈਚ ਹਾਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੂੰ ਆਸਟਰੇਲੀਆ ਨੇ ਛੇ ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਇਸ ਤਿਕੋਣੀ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 0-3 ਨਾਲ ਹਾਰੀ ਸੀ, ਜਦਕਿ ਭਾਰਤ-ਏ ਟੀਮ ਨੂੰ ਇੰਗਲੈਂਡ ਨੇ ਦੋ ਅਭਿਆਸ ਮੈਚਾਂ 'ਚ ਹਰਾਇਆ ਸੀ।
