ਭਾਰਤੀ ਮਹਿਲਾ ਟੀਮ ਸਾਹਮਣੇ ਸ਼੍ਰੀਲੰਕਾ ਦੀ ਮੁਸ਼ਕਿਲ ਚੁਣੌਤੀ
Saturday, May 10, 2025 - 08:08 PM (IST)

ਕੋਲੰਬੋ (ਭਾਸ਼ਾ)–ਭਾਰਤੀ ਮਹਿਲਾ ਟੀਮ ਐਤਵਾਰ ਨੂੰ ਇੱਥੇ ਹੋਣ ਵਾਲੇ ਤਿਕੋਣੀ ਵਨ ਡੇ ਲੜੀ ਦੇ ਫਾਈਨਲ ਵਿਚ ਸ਼੍ਰੀਲੰਕਾ ਵਿਰੁੱਧ ਹਰ ਵਿਭਾਗ ਵਿਚ ਦਮਦਾਰ ਪ੍ਰਦਰਸ਼ਨ ਕਰ ਕੇ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰੇਗੀ। ਇਸ ਲੜੀ ਵਿਚ ਭਾਰਤ ਨੂੰ ਇਕਲੌਤੀ ਹਾਰ ਸ਼੍ਰੀਲੰਕਾ ਹੱਥੋਂ ਮਿਲੀ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਹਾਲਾਂਕਿ ਟੀਮ ਨੇ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ ਤੇ ਲੀਗ ਪੜਾਅ 'ਚ 4 ਮੈਚਾਂ ਵਿਚੋਂ 3 ਜਿੱਤਾਂ ਦੇ ਨਾਲ ਅੰਕ ਸੂਚੀ 'ਚ ਚੋਟੀ ਦੇ ਸਥਾਨ ’ਤੇ ਰਹੀ। ਸ਼੍ਰੀਲੰਕਾ 2 ਜਿੱਤਾਂ ਨਾਲ ਦੂਜੇ ਸਥਾਨ ’ਤੇ ਰਿਹਾ ਜਦਕਿ ਦੱਖਣੀ ਅਫਰੀਕਾ ਨੇ ਆਪਣੀ ਮੁਹਿੰਮ ਚਾਰ ਮੈਚਾਂ 'ਚੋਂ ਇਕ ਸਫਲਤਾ ਦੇ ਨਾਲ ਤੀਜੇ ਤੇ ਆਖਰੀ ਸਥਾਨ ’ਤੇ ਖਤਮ ਕੀਤੀ । ਇਸ ਮੁਕਾਬਲੇ ਨੂੰ ਜਿੱਤਣਾ ਭਾਰਤ ਤੇ ਸ਼੍ਰੀਲੰਕਾ ਦੋਵਾਂ ਲਈ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਇਸ ਨਾਲ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਮਦਦ ਮਿਲੇਗੀ। ਟੂਰਨਾਮੈਂਟ ਵਿਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ, ਜਿਸ ਵਿਚ ਜੇਮਿਮਾ ਰੋਡ੍ਰਿਗਜ਼ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਸ ਨੇ ਦੱਖਣੀ ਅਫਰੀਕਾ ਵਿਰੁੱਧ ਇਕ ਸੈਂਕੜੇ (123) ਸਮੇਤ 67 ਦੀ ਔਸਤ ਨਾਲ ਹੁਣ ਤੱਕ 201 ਦੌੜਾਂ ਬਣਾਈਆਂ ਹਨ। ਪ੍ਰਤਿਕਾ ਰਾਵਲ (164), ਸਮ੍ਰਿਤੀ ਮੰਧਾਨਾ (148) ਤੇ ਦੀਪਤੀ ਸ਼ਰਮਾ (126) ਨੇ ਵੀ ਬੱਲੇ ਨਾਲ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ ਹੈ। ਦੀਪਤੀ ਦੀ ਦੱਖਣੀ ਅਫਰੀਕਾ ਵਿਰੁੱਧ 93 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਵੱਡੇ ਸਕੋਰ ਤੱਕ ਪਹੁੰਚਣ ਵਿਚ ਮਦਦ ਕੀਤੀ ਤੇ ਇਹ ਵੀ ਜਤਾ ਦਿੱਤਾ ਕਿ ਲੋੜ ਪੈਣ ’ਤੇ ਟੀਮ ਦਾ ਹੇਠਲਾ ਕ੍ਰਮ ਵੀ ਬੱਲੇ ਨਾਲ ਪ੍ਰਭਾਵਸ਼ਾਲੀ ਯੋਗਦਾਨ ਦੇ ਸਕਦਾ ਹੈ।
ਕਪਤਾਨ ਹਰਮਨਪ੍ਰੀਤ ਕੌਰ ਫਾਈਨਲ ਵਿਚ ਵੱਡਾ ਸਕੋਰ ਖੜ੍ਹਾ ਕਰ ਕੇ ਲੜੀ ਵਿਚ ਬੱਲੇ ਨਾਲ ਹੁਣ ਤੱਕ ਦੀ ਨਿਰਾਸ਼ਾ ਨੂੰ ਪਿੱਛੇ ਛੱਡਣਾ ਚਾਹੇਗੀ। ਹਰਮਨਪ੍ਰੀਤ ਨੇ ਹੁਣ ਤੱਕ ਅਜੇਤੂ 41, 30 ਤੇ 28 ਦੌੜਾਂ ਦੀਆਂ ਉਪਯੋਗੀ ਪਾਰੀਆਂ ਖੇਡੀਆਂ ਹਨ ਪਰ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹੀ ਹੈ। ਸਨੇਹ ਰਾਣਾ ਭਾਰਤ ਦੀ ਸਰਵੋਤਮ ਗੇਂਦਬਾਜ਼ ਸਾਬਤ ਹੋਈ ਹੈ।
ਖੱਬੇ ਹੱਥ ਦੀ ਇਸ ਸਪਿੰਨਰ ਨੇ ਹੁਣ ਤੱਕ 11 ਵਿਕਟਾਂ ਲਈਆਂ ਹਨ, ਜਿਨ੍ਹਾਂ ਵਿਚ ਦੱਖਣੀ ਅਫਰੀਕਾ ਵਿਰੁੱਧ ਪਾਰੀ ਵਿਚ 5 ਵਿਕਟਾਂ ਲੈਣਾ ਵੀ ਸ਼ਾਮਲ ਹੈ। ਸ਼੍ਰੀਲੰਕਾ ਦੀ ਟੀਮ ਇਕ ਵਾਰ ਫਿਰ ਤੋਂ ਹਰਸ਼ਿਤਾ ਸਮਰਵਿਕ੍ਰਮਾ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ। ਉਸ ਨੇ ਲੀਗ ਪੜਾਅ ਵਿਚ 53 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਵਿਰੁੱਧ ਟੀਮ ਨੂੰ ਜਿੱਤ ਦਿਵਾਈ ਸੀ। ਇਸ 26 ਸਾਲਾ ਖੱਬੇ ਹੱਥ ਦੀ ਬੱਲੇਬਾਜ਼ ਨੇ ਹੁਣ ਤੱਕ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 177 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪੱਟੂ ਅਾਪਣੇ ਅਕਸ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਸ ਨੇ 88 ਦੌੜਾਂ ਬਣਾਉਣ ਦੇ ਨਾਲ 5 ਵਿਕਟਾਂ ਲਈਆਂ ਸਨ। ਉਹ ਫਾਈਨਲ ਵਿਚ ਅਾਪਣੇ ਸਰਵੋਤਮ ਪ੍ਰਦਰਸ਼ਨ ਦੇ ਨਾਲ ਭਾਰਤ ਦੀਆਂ ਮੁਸ਼ਕਿਲਾਂ ਵਧਾਉਣਾ ਚਾਹੇਗੀ। ਸ਼੍ਰੀਲੰਕਾਈ ਗੇਂਦਬਾਜ਼ਾਂ ਵਿਚ ਦੇਵਮੀ ਵਿਹੰਗਾ (9 ਵਿਕਟਾਂ) ਦਾ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਭਾਰਤੀ ਬੱਲੇਬਾਜ਼ਾਂ ਨੇ ਹਾਲਾਂਕਿ ਦੋਵਾਂ ਮੈਚਾਂ ਵਿਚ ਇਸ ਆਫ ਸਪਿੰਨਰ ਨੂੰ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਪ੍ਰਤਿਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰਿਗਜ਼, ਰਿਚਾ ਘੋਸ਼, ਦੀਪਤੀ ਸ਼ਰਮਾ, ਕਾਸ਼ਵੀ ਗੌਤਮ, ਅਰੁੰਧਤੀ ਰੈੱਡੀ, ਸਨੇਹ ਰਾਣਾ, ਨੱਲਾਪੁਰੇਡੀ ਚਰਣਾਨੀ, ਯਾਸਤਿਕਾ ਭਾਟੀਆ, ਅਮਨਜੋਤ ਕੌਰ, ਤੇਜਲ ਹਸਬਨਿਸ, ਸ਼ੂਚੀ ਉਪਾਧਿਆਏ।
ਸ਼੍ਰੀਲੰਕਾ : ਚਮਾਰੀ ਅਟਾਪੱਟੂ (ਕਪਤਾਨ), ਕਵਿਸ਼ਾ ਦਿਲਹਾਰੀ, ਇਨੋਸ਼ੀ ਪ੍ਰਿਯਦਰਸ਼ਨੀ, ਵਿਸ਼ਮੀ ਗੁਣਾਰਤਨੇ, ਹੰਸਿਮਾ ਕਰੁਣਾਰਤਨੇ, ਅਚਿਨੀ ਕੁਲਸੁਰੀਆ, ਸੁਗੰਧਿਕਾ ਕੁਮਾਰੀ, ਮਲਕੀ ਮਦਾਰਾ, ਹਰਸ਼ਿਤਾ ਸਮਰਾਵਿਕ੍ਰਮਾ, ਮਨੁਡੀ ਨਾਨਾਯਕਕਾਰਾ, ਹਾਸਿਨੀ ਪਰੇਰਾ, ਪਿਓਮੀ ਵਾਥਸਾਲਾ, ਇਨੋਕਾ ਰਾਣਾਵੀਰਾ, ਅਨੁਸ਼ਕਾ ਸੰਜੀਵਨੀ, ਰਸ਼ਮਿਕਾ ਸੇਵਵੰਡੀ, ਨੀਲਾਸ਼ਿਕਾ ਸਿਲਵਾ, ਦੇਵਮੀ ਵਿਹੰਗਾ।