ਭਾਰਤੀ ਮਹਿਲਾ ਸ਼ਤਰੰਜ ਟੀਮ ਵਿਸ਼ਵ ਰੈਂਕਿੰਗ ''ਚ ਪਹਿਲੀ ਵਾਰ ਤੀਸਰੇ ਸਥਾਨ ''ਤੇ
Wednesday, May 01, 2019 - 08:59 PM (IST)

ਸਵਿਟਜ਼ਰਲੈਂਡ (ਨਿਕਲੇਸ਼ ਜੈਨ)—ਤਾਜ਼ਾ ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਭਾਰਤ ਨੇ ਪੁਰਸ਼ ਅਤੇ ਮਹਿਲਾ ਵਰਗ ਵਿਚ ਆਪਣੀ ਵਿਸ਼ਵ ਰੈਂਕਿੰਗ ਵਿਚ 1 ਸਥਾਨ ਦਾ ਸੁਧਾਰ ਕਰਦੇ ਹੋਏ ਆਪਣੀ ਵਧਦੀ ਤਾਕਤ ਨੂੰ ਹੋਰ ਵਧਾ ਲਿਆ ਹੈ। ਵਿਸ਼ਵ ਰੈਂਕਿੰਗ ਸੂਚੀ ਵਿਚ ਸ਼ਾਮਲ 185 ਦੇਸ਼ਾਂ ਵਿਚ ਭਾਰਤ 2669 ਔਸਤ ਰੇਟਿੰਗ ਦੇ ਨਾਲ ਪੁਰਸ਼ ਵਰਗ ਵਿਚ ਚੌਥੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਰੂਸ (2741), ਦੂਜੇ ਸਥਾਨ 'ਤੇ ਅਮਰੀਕਾ (2713) ਤੇ ਤੀਜੇ ਸਥਾਨ 'ਤੇ ਚੀਨ (2710) ਹੈ।
ਮਹਿਲਾ ਵਰਗ ਵਿਚ ਭਾਰਤ ਨੇ ਹੁਣ ਤੱਕ ਦੀ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਦੇ ਹੋਏ ਔਸਤ ਰੇਟਿੰਗ 2408 ਦੇ ਨਾਲ ਯੂਕ੍ਰੇਨ (2406) ਨੂੰ ਪਿੱਛੇ ਛੱਡ ਕੇ ਤੀਜਾ ਸਥਾਨ ਹਾਸਲ ਕਰ ਲਿਆ ਹੈ, ਜਦਕਿ ਅਜੇ ਵੀ ਚੀਨ (2496) ਦੂਜੇ ਸਥਾਨ 'ਤੇ ਕਾਬਜ਼ ਹੈ।
ਵਿਸ਼ਵਨਾਥਨ ਆਨੰਦ 7ਵੇਂ ਸਥਾਨ 'ਤੇ
ਵਿਅਕਤੀਗਤ ਵਰਗ 'ਚ ਭਾਰਤ ਦਾ ਵਿਸ਼ਵਨਾਥਨ ਆਨੰਦ ਅਜੇ ਵੀ ਪੁਰਸ਼ ਵਰਗ ਵਿਚ ਸਰਵਸ੍ਰੇਸ਼ਠ ਭਾਰਤੀ ਹੈ ਅਤੇ 2774 ਅੰਕਾਂ ਨਾਲ 1 ਸਥਾਨ ਖਿਸਕ ਕੇ 7ਵੇਂ ਸਥਾਨ 'ਤੇ ਹੈ। ਪੇਂਟਾਲਾ ਹਰਿਕ੍ਰਿਸ਼ਣਾ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ 'ਤੇ ਇਕ ਵਾਰ ਫਿਰ 2730 ਅੰਕਾਂ ਨਾਲ 24ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਵਿਦਿਤ ਗੁਜਰਾਤੀ ਨੂੰ 10 ਰੇਟਿੰਗ ਅੰਕਾਂ ਦਾ ਨੁਕਸਾਨ ਹੋਇਆ ਹੈ। ਉਹ ਹੁਣ 2707 ਅੰਕਾਂ ਨਾਲ 33ਵੇਂ ਤੇ ਅਧਿਬਨ ਭਾਸਕਰਨ 2701 ਅੰਕਾਂ ਨਾਲ 38ਵੇਂ ਸਥਾਨ 'ਤੇ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਕ੍ਰਿਸ਼ਣਨ ਸ਼ਸ਼ੀਕਰਣ 2673 ਅੰਕਾਂ ਨਾਲ 73ਵੇਂ ਸਥਾਨ 'ਤੇ ਹੈ।
ਮਹਿਲਾਵਾਂ ਵਿਚ ਹੰਪੀ 5ਵੇਂ ਸਥਾਨ 'ਤੇ
ਮਹਿਲਾ ਵਰਗ 'ਚ ਕੋਨੇਰੂ ਹੰਪੀ ਆਪਣੀ ਰੇਟਿੰਗ ਵਿਚ 4 ਅੰਕਾਂ ਦਾ ਸੁਧਾਰ ਕਰਦੇ ਹੋਏ 2553 ਅੰਕਾਂ ਨਾਲ 5ਵੇਂ ਸਥਾਨ 'ਤੇ ਬਣੀ ਹੋਈ ਹੈ। ਹਰਿਕਾ ਦ੍ਰੋਣਾਵਲੀ 2492 ਅੰਕਾਂ ਨਾਲ 15ਵੇਂ ਸਥਾਨ 'ਤੇ ਹੈ। ਸਭ ਤੋਂ ਵੱਡੀ ਹੈਰਾਨੀ ਬਣ ਕੇ ਉੱਭਰੀ 13 ਸਾਲਾ ਦਿਵਯਾ ਦੇਸ਼ਮੁੱਖ 2414 ਅੰਕਾਂ ਨਾਲ 55ਵੇਂ ਸਥਾਨ 'ਤੇ ਹੈ।
ਪਹਿਲੇ ਸਥਾਨ 'ਤੇ ਕਾਰਲਸਨ
ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਇਕ ਨਵੀਂ ਉਚਾਈ ਛੂੰਹਦੇ ਹੋਏ 2661 ਅੰਕਾਂ ਨਾਲ ਆਪਣਾ ਪਹਿਲਾ ਸਥਾਨ ਆਸਾਨੀ ਨਾਲ ਬਰਕਰਾਰ ਰੱਖਿਆ, ਨਾਲ ਹੀ ਵਿਸ਼ਵ ਨੰਬਰ 2 ਅਮਰੀਕਾ ਦੇ ਫੇਬੀਆਨੋ ਕਾਰੂਆਨਾ (2816) ਤੋਂ 45 ਅੰਕਾਂ ਦਾ ਰਿਕਾਰਡ ਫਰਕ ਬਣਾ ਲਿਆ ਹੈ।