ਭਾਰਤੀ ਅੰਡਰ-19 ਟੀਮ ਨੇ ਆਸਟ੍ਰੇਲੀਆ ਤੋਂ ਲੜੀ 2-0 ਨਾਲ ਜਿੱਤੀ

Thursday, Oct 10, 2024 - 05:07 PM (IST)

ਭਾਰਤੀ ਅੰਡਰ-19 ਟੀਮ ਨੇ ਆਸਟ੍ਰੇਲੀਆ ਤੋਂ ਲੜੀ 2-0 ਨਾਲ ਜਿੱਤੀ

ਚੇਨਈ, (ਭਾਸ਼ਾ)- ਡੈਬਿਊ ਕਰ ਰਹੇ ਆਫ ਸਪਿਨਰ ਅਨਮੋਲਜੀਤ ਸਿੰਘ ਤੇ ਲੈੱਗ ਸਪਿਨਰ ਮੁਹੰਮਦ ਇਨਾਨ ਨੇ ਮਿਲ ਕੇ ਆਸਟ੍ਰੇਲੀਅਨ-19 ਟੀਮ ਦੀਆਂ 20 ਵਿਚੋਂ 16 ਵਿਕਟਾਂ ਲੈ ਲਈਆਂ, ਜਿਸ ਨਾਲ ਭਾਰਤੀ ਅੰਡਰ-19 ਟੀਮ ਨੇ ਇੱਥੇ ਦੂਜੇ ਟੈਸਟ ਵਿਚ ਪਾਰੀ ਤੇ 120 ਦੌੜਾਂ ਦੀ ਜਿੱਤ ਨਾਲ ਲੜੀ ਵਿਚ 2-0 ਨਾਲ ਕਲੀਨ ਸਵੀਪ ਕੀਤਾ। ਭਾਰਤ ਦੇ ਪਹਿਲੀ ਪਾਰੀ ਵਿਚ 492 ਦੌੜਾਂ ਦੇ ਵੱਡੇ ਸਕੋਰ ਦੇ ਜਵਾਬ ਵਿਚ ਉਤਰੀ ਆਸਟ੍ਰੇਲੀਅਨ ਟੀਮ ਨੇ ਤੀਜੇ ਦਿਨ ਸਵੇਰੇ 3 ਵਿਕਟਾਂ ’ਤੇ 142 ਦੌੜਾਂ ਦੇ ਸਕੋਰ ਤੋਂ ਖੇਡਣਾ ਸ਼ੁਰੂ ਕੀਤਾ ਪਰ 17 ਵਿਕਟਾਂ ਗੁਆ ਬੈਠੀ। 

ਆਸਟ੍ਰੇਲੀਅਨ ਟੀਮ ਪਹਿਲੀ ਪਾਰੀ ਵਿਚ 277 ਦੌੜਾਂ ’ਤੇ ਸਿਮਟ ਗਈ ਸੀ, ਜਿਸ ਵਿਚ ਕਪਤਾਨ ਓਲੀਵਰ ਪੀਕੇ (143 ਗੇਂਦਾਂ ’ਚ 117 ਦੌੜਾਂ) ਤੇ ਵਿਕਟਕੀਪਰ ਐਲੈਕਸ ਲੀ ਯੰਗ (66) ਨੇ ਚੌਥੀ ਵਿਕਟ ਲਈ 166 ਦੌੜਾਂ ਜੋੜੀਆਂ ਸਨ। ਲੀ ਯੰਗ ਦੇ ਆਊਟ ਹੋਣ ਤੋਂ ਬਾਅਦ ਆਖਰੀ 6 ਵਿਕਟਾਂ 59 ਦੌੜਾਂ ਦੇ ਅੰਦਰ ਡਿੱਗ ਗਈਆਂ। ਕੇਰਲ ਦੇ ਖਿਡਾਰੀ ਇਨਾਨ (22.2 ਓਵਰਾਂ ਵਿਚ 60 ਦੌੜਾਂ ਦੇ ਕੇ 4 ਵਿਕਟਾਂ) ਤੇ ਲੁਧਿਆਣਾ ਦੇ ਅਨਮੋਲਜੀਤ (24 ਓਵਰਾਂ ਵਿਚ 72 ਦੌੜਾਂ ਦੇ ਕੇ 4 ਵਿਕਟਾਂ) ਨੇ ਕਹਿਰ ਵਰ੍ਹਾਇਆ। ਚਾਰ ਦਿਨਾ ਕ੍ਰਿਕਟ ਵਿਚ ਫਾਲੋਆਨ ਤਦ ਦਿੱਤਾ ਜਾ ਸਕਦਾ ਹੈ ਜਦੋਂ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ 150 ਦੌੜਾਂ ਤੋਂ ਵੱਧ ਨਾਲ ਪਿਛੜ ਰਹੀ ਹੋਵੇ। ਭਾਰਤ ਦੀ ਅੰਡਰ-19 ਟੀਮ ਨੇ 215 ਦੌੜਾਂ ਦੀ ਬੜ੍ਹਤ ਬਣਾਈ ਹੋਈ ਸੀ।

ਫਾਲੋਆਨ ਦਿੱਤੇ ਜਾਣ ਤੋਂ ਬਾਅਦ ਅਨਮੋਲਜੀਤ ਨੇ 13.3 ਓਵਰਾਂ ਵਿਚ 32 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਆਸਟ੍ਰੇਲੀਅਨ ਟੀਮ 31.3 ਓਵਰਾਂ ਵਿਚ 95 ਦੌੜਾਂ ’ਤੇ ਸਿਮਟ ਗਈ। ਆਸਟ੍ਰੇਲੀਆ ਦੇ 8 ਖਿਡਾਰੀ ਦੋਹਰੇ ਅੰਕ ਤੱਕ ਪਹੁੰਚਣ ਵਿਚ ਅਸਫਲ ਰਹੇ ਜਦਕਿ ਇਨ੍ਹਾਂ ਵਿਚੋਂ 4 ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ। ਅਨਮੋਲਜੀਤ ਨੇ ਪੂਰੇ ਮੈਚ ਵਿਚ 104 ਦੌੜਾਂ ਦੇ ਕੇ 9 ਵਿਕਟਾਂ ਲਈਆਂ ਜਦਕਿ ਇਨਾਨ ਨੇ 97 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਅਨਮੋਲਜੀਤ ਨੇ 2023 ਸੈਸ਼ਨ ਵਿਚ ਵਿਜੇ ਮਰਚੰਟ (ਅੰਡਰ-16) ਟਰਾਫੀ ਵਿਚ 65 ਵਿਕਟਾਂ ਲਈਆਂ ਸਨ।
 


author

Tarsem Singh

Content Editor

Related News