ਯੂਕੀ-ਸਾਕੇਤ ਦੀ ਭਾਰਤੀ ਜੋੜੀ ਨੇ ਬੈਂਕਾਕ ਓਪਨ ਚੈਲੰਜਰ ਖਿਤਾਬ ਜਿੱਤਿਆ
Sunday, Jan 15, 2023 - 01:58 PM (IST)

ਨਾਨਥਾਬੁਰੀ (ਥਾਈਲੈਂਡ) (ਭਾਸ਼ਾ)– ਯੂਕੀ ਭਾਂਬਰੀ ਤੇ ਸਾਕੇਤ ਮਾਯਨੇਨੀ ਦੀ ਚੋਟੀ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਸ਼ਨੀਵਾਰ ਨੂੰ ਇੱਥੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬੈਂਕਾਕ ਓਪਨ ਚੈਲੰਜਰਜ਼ ਖਿਤਾਬ ਆਪਣੇ ਨਾਂ ਕੀਤਾ। ਇਹ ਏ. ਟੀ. ਪੀ.ਚੈਲੰਜਰ ਟੂਰ ਵਿਚ ਇਸ ਜੋੜੀ ਦੀ 6ਵੀਂ ਟਰਾਫੀ ਹੈ। ਯੂਕੀ-ਸਾਕੇਤ ਦਾ ਇਹ 7ਵਾਂ ਫਾਈਨਲ ਸੀ।
ਇਸ ਭਾਰਤੀ ਜੋੜੀ ਨੇ ਕ੍ਰਿਸਟੋਫਰ ਰੂੰਗਕਾਟ ਤੇ ਅਕੀਰਾ ਸੈਂਟਿਲਾਨ ਨੂੰ ਰੋਮਾਂਚਕ ਫਾਈਨਲ ਵਿਚ ਇਕ ਘੰਟੇ ਤੇ 50 ਮਿੰਟ ਵਿਚ ਹਰਾਇਆ। ਪਿਛਲੇ ਸਾਲ ਜੋੜੀ ਬਣਾਉਣ ਵਾਲੇ ਯੂਕੀ-ਸਾਕੇਤ ਨੇ ਇੰਡੋਨੇਸ਼ੀਆਈ-ਆਸਟਰੇਲੀਅਨ ਜੋੜੀ ਨੂੰ 2-6, 7-6 (7), 14-12 ਨਾਲ ਹਰਾਇਆ। ਯੂਕੀ-ਸਾਕੇਤ ਨੇ ਪਿਛਲੇ ਸਾਲ ਅਪ੍ਰੈਲ ਤੋਂ ਅਕਤੂਬਰ ਵਿਚਾਲੇ 6 ਚੈਲੰਜਰਜ਼ ਫਾਈਨਲਸ ਵਿਚ ਜਗ੍ਹਾ ਬਣਾਈ, ਜਿਨ੍ਹਾਂ ਵਿਚੋਂ 5 ਵਿਚ ਖਿਤਾਬ ਜਿੱਤੇ।
ਸ਼ਨੀਵਾਰ ਨੂੰ ਮਿਲੀ ਇਸ ਜਿੱਤ ਤੋਂ 28 ਸਾਲਾ ਯੂਕੀ ਏ. ਟੀ. ਪੀ. ਡਬਲਯੂ. ਡਬਲਯੂ ਰੈਂਕਿੰਗ ਵਿਚ ਕਰੀਅਰ ਦੇ ਸਰਵਸ੍ਰੇਸ਼ਠ 90ਵੇਂ ਸਥਾਨ ’ਤੇ ਪਹੁੰਚ ਜਾਵੇਗਾ ਜਦਕਿ 35 ਸਾਲ ਦੇ ਸਾਕੇਤ ਨੂੰ ਵੀ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 74ਵੇਂ ਸਥਾਨ ’ਤੇ ਪਹੁੰਚਣਾ ਚਾਹੀਦਾ ਹੈ। ਹੁਣ ਇਹ ਭਾਰਤੀ ਜੋੜੀ ਸੈਸ਼ਨ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ਖੇਡੇਗੀ, ਜਿਸ ਵਿਚ ਉਨ੍ਹਾਂ ਨੂੰ ਵਾਈਲਡ ਕਾਰਡ ਰਾਹੀਂ ਐਂਟਰੀ ਦਿੱਤੀ ਗਈ ਹੈ।