ਇੰਡੀਅਨ ਓਪਨ ਸਕੁਐਸ਼ : ਅਨਾਹਤ ਸਿੰਘ ਤੇ ਅਭੈ ਸਿੰਘ ਕੁਆਰਟਰ ਫਾਈਨਲ ’ਚ
Saturday, Mar 21, 2026 - 01:55 PM (IST)
ਮੁੰਬਈ– ਭਾਰਤ ਦੀ ਅਨਾਹਤ ਸਿੰਘ, ਅਭੈ ਸਿੰਘ ਤੇ ਜੋਸ਼ਨਾ ਚਿਨੱਪਾ ਨੇ ਆਪਣੇ-ਆਪਣੇ ਮੁਕਾਬਲਿਆਂ ’ਚ ਜਿੱਤ ਦਰਜ ਕਰਕੇ ਇੰਡੀਅਨ ਓਪਨ 2026 ਸਕੁਐਸ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸੀ. ਸੀ. ਆਈ. ਬ੍ਰੇਬੋਰਨ ਸਟੇਡੀਅਮ ’ਚ ਵੀਰਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਮੌਜੂਦਾ ਮਹਿਲਾ ਚੈਂਪੀਅਨ ਤੇ ਟਾਪ ਸੀਡ ਅਨਾਹਤ ਸਿੰਘ ਨੇ ਮਿਸਰ ਦੀ ਫਰੀਦਾ ਵਾਲਿਦ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਟਾਪ-8 ’ਚ ਜਗ੍ਹਾ ਬਣਾਈ। 17 ਸਾਲ ਦੀ ਇਸ ਭਾਰਤੀ ਸਕੁਐਸ਼ ਖਿਡਾਰਨ ਨੇ ਪੂਰੇ ਮੈਚ ਦੌਰਾਨ ਆਪਣਾ ਦਬਦਬਾ ਬਣਾਈ ਰੱਖਿਆ ਤੇ 3-0 ਨਾਲ ਮੈਚ ਜਿੱਤ ਲਿਆ।
ਉੱਥੇ ਹੀ, ਤਨਵੀ ਖੰਨਾ ਨੇ ਮਿਸਰ ਦੀ ਨੂਰ ਖਫਾਗੀ ਵਿਰੁੱਧ ਸ਼ਾਂਤ ਤੇ ਆਤਮ-ਵਿਸ਼ਵਾਸ ਨਾਲ ਭਰਿਆ ਪ੍ਰਦਰਸ਼ਨ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ। ਜਿੱਥੇ ਖਫਾਗੀ ਨੇ ਹਰ ਸੈੱਟ ’ਚ ਜ਼ੋਰਦਾਰ ਟੱਕਰ ਦਿੱਤੀ, ਉੱਥੇ ਹੀ, ਖੰਨਾ ਨੇ ਅਹਿਮ ਮੌਕਿਆਂ ’ਤੇ ਆਪਣਾ ਸਬਰ ਬਣਾਈ ਰੱਖਿਆ ਤੇ 3-0 ਨਾਲ ਜਿੱਤ ਹਾਸਲ ਕੀਤੀ। ਤਜਰਬੇਕਾਰ ਖਿਡਾਰੀ ਤੇ 5ਵੀਂ ਸੀਡ ਜੋਸ਼ਨਾ ਚਿਨੱਪਾ ਵੀ ਆਇਰਲੈਂਡ ਦੀ ਬ੍ਰੀਏਨ ਫਲਿਨ ਨੂੰ 3-1 ਨਾਲ ਹਰਾ ਕੇ ਅਗਲੇ ਦੌਰ ’ਚ ਪਹੁੰਚ ਗਈ।
ਪੁਰਸ਼ ਵਰਗ ’ਚ, ਦੂਜੀ ਸੀਡ ਤੇ ਪਿਛਲੇ ਸਾਲ ਦੇ ਉਪ ਜੇਤੂ ਅਭੈ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਂਗਕਾਂਗ ਦੇ ਮੈਥਿਊ ਲਾਈ ਨੂੰ ਹਰਾ ਦਿੱਤਾ। ਸ਼ੁਰੂਆਤ ’ਚ ਮੁਕਾਬਲਾ ਸਖਤ ਹੋਣ ਦੇ ਬਾਵਜੂਦ, ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਅਭੈ ਨੇ 3-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਵੀਰ ਚੋਤਰਾਣੀ ਵੀ ਅਗਲੇ ਦੌਰ ’ਚ ਪਹੁੰਚ ਗਿਆ, ਕਿਉਂਕਿ ਉਸ ਦੇ ਜਰਮਨ ਵਿਰੋਧੀ ਯਾਨਿਕ ਓਮਲੋਰ ਨੂੰ ਮੈਚ ਦੀ ਸ਼ੁਰੂਆਤ ’ਚ ਹੀ ਸੱਟ ਦੇ ਕਾਰਨ ਹਟਣਾ ਪਿਆ। ਹਾਲਾਂਕਿ, ਮਿਸਰ ਦੇ ਚੋਟੀ ਦੀ ਸੀਡ ਖਿਡਾਰੀ ਯਾਹਿਆ ਅਲ-ਨਵਾਸਾਨੀ ਆਪਣੇ ਹੀ ਦੇਸ਼ ਦੇ ਇਬਰਾਹਿਮ ਅਲ-ਕਬਾਨੀ ਹੱਥੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਇਸ ਨਤੀਜੇ ਤੋਂ ਬਾਅਦ, ਅਭੈ ਹੁਣ ਪੁਰਸ਼ਾਂ ਦੇ ਡਰਾਅ ’ਚ ਸਭ ਤੋਂ ਉੱਚੀ ਸੀਡ ਵਾਲੇ ਖਿਡਾਰੀ ਬਣ ਗਿਆ ਹੈ।
