ਅੰਡਰ-19 ਕ੍ਰਿਕਟ ਵਰਲਡ ਕੱਪ : ਸੈਮੀਫਾਈਨਲ ''ਚ ਭਾਰਤੀ ਸ਼ੇਰਾਂ ਦੀ ਪਾਕਿ ''ਤੇ ਵੱਡੀ ਜਿੱਤ

01/30/2018 10:39:45 AM

ਕਰਾਇਸਟਚਰਚ (ਬਿਊਰੋ)— ਨਿਊਜ਼ੀਲੈਂਡ ਵਿਚ ਖੇਡੇ ਜਾ ਰਹੇ ਅੰਡਰ-19 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਨੇ ਆਪਣੇ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ। ਕਰਾਇਸਟਚਰਚ ਵਿਚ ਖੇਡੇ ਗਏ ਇਸ ਮੈਚ ਵਿਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ ਸਿਰਫ 69 ਦੌੜਾਂ ਹੀ ਬਣਾ ਪਾਈ। ਸ਼ੁਭਮਾਨ ਗਿੱਲ ਦੇ ਸ਼ਾਨਦਾਰ ਸੈਂਕੜੇ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਢੇਰ ਕੀਤਾ।

ਫਾਈਨਲ ਵਿਚ ਭਾਰਤ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਟੀਮ ਇੰਡੀਆ ਇਸ ਤੋਂ ਪਹਿਲਾਂ ਇਹ ਖਿਤਾਬ 3 ਵਾਰ ਆਪਣੇ ਨਾਮ ਕਰ ਚੁੱਕੀ ਹੈ। ਦੱਸ ਦਈਏ ਕਿ ਇਹ ਛੇਵੀਂ ਵਾਰ ਹੈ ਜਦੋਂ ਭਾਰਤੀ ਟੀਮ ਅੰਡਰ-19 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿਚ ਪਹੁੰਚੀ ਹੈ। ਪਿਛਲੇ ਸਾਲ ਵੀ ਭਾਰਤੀ ਟੀਮ ਫਾਈਨਲ ਵਿਚ ਪਹੁੰਚੀ ਸੀ। ਭਾਰਤ ਹੁਣ 3 ਫਰਵਰੀ ਨੂੰ ਫਾਈਨਲ ਵਿਚ ਆਸਟਰੇਲੀਆ ਨਾਲ ਭਿੜੇਗਾ, ਭਾਰਤੀ ਸਮ ਮੁਤਾਬਕ ਇਹ ਮੈਚ ਸਵੇਰੇ 6.30 ਸ਼ੁਰੂ ਹੋਵੇਗਾ।

ਈਸ਼ਾਨ ਪੋਰੇਲ ਅੱਗੇ ਢੇਰ ਹੋਏ ਪਾਕਿ ਬੱਲੇਬਾਜ਼
273 ਦੌੜਾਂ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹੱਦ ਦੀ ਖ਼ਰਾਬ ਰਹੀ ਸੀ। ਭਾਰਤੀ ਤੇਜ਼ ਗੇਂਦਬਾਜ਼ ਈਸ਼ਾਨ ਪੋਰੇਲ ਨੇ ਪਾਕਿਸਤਾਨ ਨੂੰ ਸ਼ੁਰੂਆਤੀ 4 ਝਟਕੇ ਦਿੱਤੇ। ਉਨ੍ਹਾਂ ਨੇ ਚੌਥੇ ਓਵਰ ਵਿਚ ਹੀ ਪਾਕਿਸਤਾਨ ਨੂੰ ਪਹਿਲਾ ਝਟਕਾ ਦਿੱਤਾ, ਇਸਦੇ ਬਾਅਦ 6ਵੇਂ, ਅੱਠਵੇਂ ਅਤੇ 12ਵੇਂ ਓਵਰ ਵਿਚ ਪਾਕਿਸਤਾਨ ਦੇ ਵਿਕਟ ਝਟਕੇ। ਈਸ਼ਾਨ ਦੇ ਇਲਾਵਾ ਸ਼ਿਵਾ ਸਿੰਘ ਤੇ ਰੀਆਨ ਪਰਾਗ ਨੇ 2-2 ਵਿਕਟ ਝਟਕਾਏ। ਉੱਥੇ ਹੀ ਅਨੁਕੂਲ ਸੁਧਾਕਰ ਰਾਏ ਤੇ ਅਭਿਸ਼ੇਕ ਸ਼ਰਮਾ ਦੇ ਖਾਤੇ 'ਚ ਇਕ-ਇਕ ਵਿਕਟ ਆਈ।

ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਰਿਹਾ ਪ੍ਰਦਰਸ਼ਨ
ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਟੂਰਨਾਮੈਂਟ ਵਿਚ ਹੁਣ ਤੱਕ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਾਰੇ ਪੰਜ ਮੈਚ ਜਿੱਤੇ ਹਨ, ਇਸ ਵਿਚ ਬੰਗਲਾਦੇਸ਼ ਖਿਲਾਫ ਕੁਆਟਰ ਫਾਈਨਲ ਅਤੇ ਪਾਕਿਸਤਾਨ ਖਿਲਾਫ ਸੈਮੀਫਾਈਨਲ ਵੀ ਸ਼ਾਮਲ ਹੈ। ਉਥੇ ਹੀ, ਦੋ ਵਾਰ ਦੀ ਜੇਤੂ ਪਾਕਿਸਤਾਨ ਦਾ ਸਫਰ ਉਤਰਾਅ-ਚੜਾਅ ਭਰਿਆ ਰਿਹਾ ਹੈ। ਉਸਨੂੰ ਪਹਿਲੇ ਹੀ ਮੈਚ ਵਿਚ ਅਫਗਾਨਿਸਤਾਨ ਨੇ ਹਰਾਇਆ, ਪਰ ਉਸਦੇ ਬਾਅਦ ਪਾਕਿਸਤਾਨ ਨੇ ਲਗਾਤਾਰ ਤਿੰਨ ਮੈਚ ਜਿੱਤੇ। ਪਿਛਲੇ ਦੋ ਮੈਚਾਂ ਵਿਚ ਉਸਨੂੰ ਹਾਲਾਂਕਿ ਸ਼੍ਰੀਲੰਕਾ ਅਤੇ ਦੱਖਣ ਅਫਰੀਕਾ ਉੱਤੇ ਕਰੀਬੀ ਮੁਕਾਬਲਿਆਂ ਵਿਚ ਤਿੰਨ-ਤਿੰਨ ਵਿਕਟਾਂ ਨਾਲ ਜਿੱਤ ਮਿਲੀ। ਪਰ ਭਾਰਤ ਸਾਹਮਣੇ ਉਹ ਜਿੱਤ ਨਹੀਂ ਸਕਿਆ ਅਤੇ ਉਸਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦੇਖਣ ਨੂੰ ਮਿਲਿਆ।


Related News