ਆਸਟਰੇਲੀਆ ਹੱਥੋਂ 0-4 ਨਾਲ ਹਾਰੀ ਭਾਰਤੀ ਹਾਕੀ ਟੀਮ
Thursday, May 16, 2019 - 11:38 AM (IST)
ਪਰਥ- ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਸਟਰੇਲੀਆਈ ਦੌਰੇ ਦੇ ਚੌਥੇ ਮੈਚ ਵਿਚ ਆਸਟਰੇਲੀਆ ਦੀ ਰਾਸ਼ਟਰੀ ਟੀਮ ਕੋਲੋਂ 0-4 ਨਾਲ ਕਰਾਰੀ ਹਾਰ ਝੱਲਣੀ ਪਈ। ਮੇਜ਼ਬਾਨ ਟੀਮ ਵਲੋਂ ਬਲੈਕ ਗੋਵਰਸ ਅਤੇ ਜੇਰੇਮੀ ਹੇਵਾਰਡ ਨੇ 2-2 ਗੋਲ ਕੀਤੇ। ਦੌਰੇ ਦੇ ਪਹਿਲੇ 3 ਮੈਚਾਂ ਵਿਚ ਅਜੇਤੂ ਰਹਿਣ ਵਾਲੀ ਵਿਸ਼ਵ ਵਿਚ 5ਵੇਂ ਨੰਬਰ ਦੀ ਭਾਰਤੀ ਟੀਮ ਨੂੰ ਆਸਟਰੇਲੀਆ ਨੇ ਹਾਕੀ ਦਾ ਸਖਤ ਸਬਕ ਸਿਖਾਇਆ। ਭਾਰਤ ਅਤੇ ਆਸਟਰੇਲੀਆ ਵਿਚਾਲੇ ਅਗਲਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਇਹ ਇਸ ਦੌਰੇ ਦਾ ਆਖਰੀ ਮੈਚ ਹੋਵੇਗਾ।
