ਭਾਰਤ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
Sunday, Jun 23, 2019 - 01:27 PM (IST)

ਸਪੋਰਟ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਮਨਪ੍ਰੀਤ ਸਿੰਘ ਗੋਨੀ ਨੇ ਕ੍ਰਿਕਟ ਦੇ ਸਾਰਿਆਂ ਫਾਰਮੇਟਸ 'ਚੋਂ ਅਲਵਿਦਾ ਕਹਿ ਦਿੱਤਾ ਹੈ । ਇਹ ਜਾਣਕਾਰੀ ਪੀ. ਸੀ. ਏ ਦੇ ਪ੍ਰਵਕਤਾ ਸੁਸ਼ੀਲ ਕਪੂਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਗੋਨੀ ਬਿਹਤਰੀਨ ਗੇਂਦਬਾਜ਼ ਰਹੇ ਹਨ। ਆਪਣੇ ਫਰਸਟ ਕਲਾਸ ਕ੍ਰਿਕਟ ਕੈਰੀਅਰ 'ਚ ਗੋਨੀ ਨੇ ਪੰਜਾਬ ਕ੍ਰਿਕਟ ਟੀਮ ਨੂੰ ਕਈ ਮੈਚਾਂ 'ਚ ਜਿੱਤ ਦੁਆਈ ਹੈ ਉਨ੍ਹਾਂ ਨੇ ਕੜੀ ਮਿਹਨਤ ਕਰ ਨੈਸ਼ਨਲ ਟੀਮ 'ਚ ਜਗ੍ਹਾ ਬਣਾਈ। ਸੁਸ਼ੀਲ ਕਪੂਰ ਨੇ ਪੰਜਾਬ ਕ੍ਰਿਕਟ ਐਸੋਸਿਏਸ਼ਨ ਵਲੋਂ ਮਨਪ੍ਰੀਤ ਗੋਨੀ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।36 ਸਾਲਾ ਗੋਨੀ ਨੇ ਆਪਣੇ ਕ੍ਰਿਕਟ ਕੈਰੀਅਰ 'ਚ ਦੋ ਵਨ-ਡੇ ਮੈਚ, 61 ਫਰਸਟ ਕਲਾਸ, 55 ਲਿਸਟ-ਏ ਮੈਚ ਤੇ 90 ਟੀ-20 ਮੈਚ ਖੇਡੇ ਹਨ। ਗੋਨੀ ਨੇ ਆਪਣਾ ਪਹਿਲਾ ਵਨ-ਡੇ ਮੈਚ 25 ਜੂਨ, 2008 ਨੂੰ ਹਾਂਗਕਾਂਗ ਦੇ ਖਿਲਾਫ ਖੇਡਿਆ ਸੀ। ਆਪਣੇ ਕੈਰੀਅਰ ਦਾ ਆਖਰੀ ਵਨ-ਡੇ ਮੈਚ 28 ਜੂਨ, 2008 ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਿਆ ਸੀ। ਗੋਨੀ ਨੇ ਆਪਣਾ ਪਹਿਲਾ ਫਰਸਟ ਕਲਾਸ ਮੈਚ 3 ਨਵੰਬਰ, 2007 ਨੂੰ ਆਂਧ੍ਰ ਪ੍ਰਦੇਸ਼ ਦੇ ਖਿਲਾਫ ਖੇਡਿਆ ਸੀ। ਉਥੇ ਹੀ ਆਖਰੀ ਫਰਸਟ ਕਲਾਸ ਮੈਚ 7 ਜਨਵਰੀ, 2019 ਨੂੰ ਬੰਗਾਲ ਦੇ ਖਿਲਾਫ ਖੇਡਿਆ ਸੀ। ਗੋਨੀ ਨੇ ਆਪਣਾ ਆਖਰੀ ਟੀ-20 ਮੈਚ ਰੇਲਵੇ ਦੇ ਖਿਲਾਫ 2 ਮਾਰਚ, 2019 ਨੂੰ ਖੇਡਿਆ ਸੀ। ਗੋਨੀ ਨੇ ਆਪਣੇ ਫਰਸਟ ਕਲਾਸ ਕੈਰੀਅਰ 'ਚ ਖੇਡੇ 61 ਮੈਚਾਂ 'ਚ 196 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ 10 ਵਾਰ ਪੰਜ-ਪੰਜ ਵਿਕਟਾਂ ਵੀ ਲਈਆਂ ਤੇ 1226 ਦੌੜਾਂ ਬਣਾਈਆਂ। ਫਰਸਟ ਕਲਾਸ ਕ੍ਰਿਕਟ 'ਚ ਗੋਨੀ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਸਕੋਰ 69 ਦੌੜਾਂ ਹਨ।