ਭਾਰਤ ਦੀ ਵਰਲਡ ਕੱਪ ਦੇ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਦੇ ਪੰਜ ਵੱਡੇ ਕਾਰਨ
Thursday, Jun 06, 2019 - 11:20 AM (IST)

ਸਪੋਰਟਸ ਡੈਸਕ— ਭਾਰਤ ਨੇ ਵਰਲਡ ਕੱਪ 2019 'ਚ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਸਾਊਥੈਂਪਟਨ ਦੇ ਮੈਦਾਨ 'ਤੇ ਉਸ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਪਹਿਲਾਂ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 227 ਦੌੜਾਂ 'ਤੇ ਰੋਕਿਆ ਅਤੇ ਉਸ ਤੋਂ ਬਾਅਦ ਟੀਚੇ ਨੂੰ 47.3 ਓਵਰ 'ਚ ਹਾਸਲ ਕਰ ਲਿਆ। ਆਓ ਜਾਣਦੇ ਹਾਂ ਟੀਮ ਇੰਡੀਆ ਦੀ ਜਿੱਤ ਦੇ ਪੰਜ ਵੱਡੇ ਕਾਰਨ :-
1. ਰੋਹਿਤ ਸ਼ਰਮਾ ਦਾ ਸੈਂਕੜਾ
ਸਾਊਥੰਪਟਨ ਦੀ ਮੁਸ਼ਕਲ ਪਿੱਚ 'ਤੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਨੇ 44 ਗੇਂਦਾਂ 'ਤੇ 13 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 122 ਦੌੜਾਂ ਬਣਾਈਆਂ। ਇਹ ਵਰਲਡ ਕੱਪ 'ਚ ਉਨ੍ਹਾਂ ਦਾ ਦੂਜਾ ਸੈਂਕੜਾ ਹੈ। ਉਨ੍ਹਾਂ ਨੇ 128 ਗੇਂਦਾਂ 'ਚ ਸੈਂਕੜਾ ਲਗਾਇਆ।
2. ਬੁਮਰਾਹ ਨੇ ਦਿੱਤੀ ਸ਼ਾਨਦਾਰ ਸ਼ੁਰੂਆਤ
ਟੀਮ ਇੰਡੀਆ ਨੇ ਮੈਚ ਦੀ ਪਹਿਲੀ ਹੀ ਗੇਂਦ ਤੋਂ ਦੱਖਣੀ ਅਫਰੀਕਾ ਨੂੰ ਆਪਣੇ ਪੰਜੇ 'ਚ ਜਕੜ ਲਿਆ ਅਤੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਰਹੇ ਜਸਪ੍ਰੀਤ ਬੁਮਰਾਹ। ਸੱਜੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਆਪਣੀ ਸ਼ਾਨਦਾਰ ਲਾਈਨ ਅਤੇ ਲੈਂਥ ਨਾਲ ਸਾਊਥ ਅਫਰੀਕੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਬੁਮਰਾਹ ਨੇ ਆਪਣੇ ਦੂਜੇ ਹੀ ਓਵਰ 'ਚ ਸਾਊਥ ਅਫਰੀਕਾ ਦੇ ਸਭ ਤੋਂ ਵੱਡੇ ਬੱਲੇਬਾਜ਼ ਹਾਸ਼ਿਮ ਅਮਲਾ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਕਰਾਇਆ। ਇਸ ਤੋਂ ਬਾਅਦ ਬੁਮਰਾਹ ਨੇ ਡੀਕਾਕ ਦਾ ਵੀ ਪੱਤਾ ਸਾਫ ਕੀਤਾ। ਇਸ ਤੋਂ ਬਾਅਦ ਦੱਖਣੀ ਅਫਰੀਕਾ 'ਤੇ ਦਬਾਅ ਪਿਆ ਅਤੇ ਉਹ ਇਸ ਤੋਂ ਬਾਹਰ ਨਾ ਨਿਕਲ ਸਕਿਆ।
3. ਯੁਜਵੇਂਦਰ ਚਾਹਲ ਦੀ ਫਿਰਕੀ
ਮਿਡਲ ਓਵਰਸ 'ਚ ਯੁਜਵੇਂਦਰ ਚਾਹਲ ਨੇ ਆਉਂਦੇ ਹੀ ਦੱਖਣੀ ਅਫਰੀਕਾ ਨੂੰ ਆਪਣੇ ਜਾਲ 'ਚ ਫਸਾ ਲਿਆ। 20 ਓਵਰ 'ਚ ਚਾਹਲ ਨੇ 6 ਗੇਂਦਾਂ ਦੇ ਅੰਦਰ ਦੱਖਣੀ ਅਫਰੀਕਾ ਦੇ ਦੋ ਬੱਲੇਬਾਜ਼ਾਂ ਨੂੰ ਢੇਰ ਕਰ ਦਿੱਤਾ। ਇਸ ਤੋਂ ਪਹਿਲਾਂ ਚਾਹਲ ਨੇ ਵੈਨ ਡਰ ਦੁਸੇ ਨੂੰ ਬੋਲਡ ਕੀਤਾ ਅਤੇ ਉਸ ਤੋਂ ਬਾਅਦ ਦੱਖਣੀ ਅਫਰੀਕੀ ਕਪਤਾਨ ਡੁਪਲੇਸਿਸ ਨੂੰ ਵੀ ਸ਼ਾਨਦਾਰ ਲੈੱਗ ਸਪਿਨ 'ਤੇ ਬੋਲਡ ਕੀਤਾ। ਚਾਹਲ ਨੇ ਮਿਲਰ ਅਤੇ ਫੇਲੁਕਵਾਇਓ ਦਾ ਵੀ ਵਿਕਟ ਲੈ ਕੇ ਦੱਖਣੀ ਅਫਰੀਕਾ ਦੀ ਕਮਰ ਤੋੜ ਦਿੱਤੀ। ਪੇਸਰਾਂ ਦੀ ਮਦਦ ਕਰ ਰਹੀ ਪਿੱਚ ਨੇ 10 ਓਵਰ 'ਚ 51 ਦੌੜਾਂ ਦੇ ਕੇ 4 ਵਿਕਟ ਲਏ।
4. ਡੈਥ ਓਵਰਸ 'ਚ ਭੁਵਨੇਸ਼ਵਰ ਕੁਮਾਰ ਦਾ ਜਲਵਾ
ਬੁਮਰਾਹ ਨੇ ਸ਼ੁਰੂਆਤ ਦਿੱਤੀ, ਚਾਹਲ ਨੇ ਮਿਡਲ ਓਵਰਸ 'ਚ ਚੰਗੀ ਗੇਂਦਬਾਜ਼ੀ ਕੀਤੀ ਤਾਂ ਭੁਵਨੇਸ਼ਵਰ ਨੇ ਡੈਥ ਓਵਰਸ 'ਚ ਦੱਖਣੀ ਅਫਰੀਕਾ ਦਾ ਪੱਤਾ ਸਾਫ ਕਰ ਦਿੱਤਾ। ਭੁਵੀ ਨੇ 50ਵੇਂ ਓਵਰ 'ਚ ਸਿਰਫ 3 ਦੌੜਾਂ ਦੇ ਕੇ 2 ਵਿਕਟ ਲਏ।
5. ਸ਼ਾਨਦਾਰ ਫੀਲਡਿੰਗ
ਟੀਮ ਇੰਡੀਆ ਨੇ ਆਪਣੇ ਪਹਿਲੇ ਹੀ ਮੈਚ 'ਚ ਇਕ ਵੀ ਕੈਚ ਨਹੀਂ ਛੱਡਿਆ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸਲਿਪ 'ਚ ਸ਼ਾਨਦਾਰ ਕੈਚ ਫੜੇ, ਜਦਕਿ ਐੱਮ.ਐੱਸ. ਧੋਨੀ ਨੇ ਆਪਣੀ ਸਟੰਪਿੰਗ ਦਾ ਜਾਦੂ ਦਿਖਾਇਆ। ਕੁਲ ਮਿਲਾ ਕੇ ਟੀਮ ਇੰਡੀਆ ਨੇ ਖੇਡ ਦੇ ਤਿੰਨੇ ਵਿਭਾਗਾਂ 'ਚ ਚੰਗਾ ਪ੍ਰਦਰਸ਼ਨ ਕਰਕੇ ਦੱਖਣੀ ਅਫਰੀਕਾ 'ਤੇ ਜਿੱਤ ਹਾਸਲ ਕੀਤੀ।