ਭਾਰਤੀ ਫੁੱਟਬਾਲ ਟੀਮ ਨੇ 5 ਸਾਲਾਂ ਬਾਅਦ ਜਿੱਤਿਆ ਇੰਟਰਕਾਂਟੀਨੈਂਟਲ ਕੱਪ : ਫਾਈਨਲ ਮੈਚ ''ਚ ਲੇਬਨਾਨ ਨੂੰ ਹਰਾਇਆ

Monday, Jun 19, 2023 - 02:09 PM (IST)

ਭਾਰਤੀ ਫੁੱਟਬਾਲ ਟੀਮ ਨੇ 5 ਸਾਲਾਂ ਬਾਅਦ ਜਿੱਤਿਆ ਇੰਟਰਕਾਂਟੀਨੈਂਟਲ ਕੱਪ : ਫਾਈਨਲ ਮੈਚ ''ਚ ਲੇਬਨਾਨ ਨੂੰ ਹਰਾਇਆ

ਭੁਵਨੇਸ਼ਵਰ (ਵਾਰਤਾ)- ਭਾਰਤ ਨੇ ਐਤਵਾਰ ਨੂੰ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ 'ਚ ਲੇਬਨਾਨ ਨੂੰ 2-0 ਨਾਲ ਹਰਾ ਕੇ ਦੂਜੀ ਵਾਰ ਇਹ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਤਰ੍ਹਾਂ ਭਾਰਤ 5 ਸਾਲ ਬਾਅਦ ਇੰਟਰਕਾਂਟੀਨੈਂਟਲ ਕੱਪ ਘਰ ਲਿਆਇਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਕੀਨੀਆ ਨੂੰ ਹਰਾਇਆ ਸੀ। ਕਲਿੰਗਾ ਸਟੇਡੀਅਮ 'ਚ 12,000 ਫੁੱਟਬਾਲ ਪ੍ਰਸ਼ੰਸਕਾਂ ਦੇ ਸਾਹਮਣੇ ਖੇਡੇ ਗਏ ਖਿਤਾਬੀ ਮੁਕਾਬਲੇ 'ਚ ਸੁਨੀਲ ਛੇਤਰੀ (46ਵੇਂ ਮਿੰਟ) ਅਤੇ ਲੱਲੀਅਨਜ਼ੁਆਲਾ ਛਾਂਗਟੇ (66ਵੇਂ ਮਿੰਟ) ਨੇ ਭਾਰਤ ਲਈ ਗੋਲ ਕੀਤੇ। ਜ਼ਿਕਰਯੋਗ ਹੈ ਕਿ ਚਾਰ ਟੀਮਾਂ ਦੇ ਇਸ ਟੂਰਨਾਮੈਂਟ 'ਚ ਭਾਰਤ ਖਿਲਾਫ ਇਕ ਵੀ ਗੋਲ ਨਹੀਂ ਹੋਇਆ ਸੀ। ਵੀਰਵਾਰ ਨੂੰ ਭਾਰਤ ਅਤੇ ਲੇਬਨਾਨ ਵਿਚਾਲੇ ਲੀਗ ਪੜਾਅ ਦਾ ਮੈਚ ਗੋਲ ਰਹਿਤ ਡਰਾਅ 'ਤੇ ਸਮਾਪਤ ਹੋਇਆ ਸੀ। ਫਾਈਨਲ ਦੇ ਪਹਿਲੇ ਹਾਫ 'ਚ ਵੀ ਦੋਵਾਂ ਟੀਮਾਂ 'ਚੋਂ ਕੋਈ ਵੀ ਟੀਮ ਗੇਂਦ ਨੂੰ ਨੈੱਟ ਤੱਕ ਨਹੀਂ ਪਹੁੰਚਾ ਸਕੀ।

ਇਹ ਵੀ ਪੜ੍ਹੋ: ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਇਸ ਮਾਮਲੇ 'ਚ ਪਾਏ ਗਏ ਦੋਸ਼ੀ, ICC ਨੇ ਦਿੱਤੀ ਸਜ਼ਾ

ਲੇਬਨਾਨ 'ਤੇ ਲਗਾਤਾਰ ਦਬਾਅ ਦੇ ਬਾਵਜੂਦ ਭਾਰਤ ਨੂੰ ਖਾਤਾ ਖੋਲ੍ਹਣ ਲਈ ਸੰਘਰਸ਼ ਕਰਨਾ ਪਿਆ। ਕਪਤਾਨ ਛੇਤਰੀ ਨੇ ਪੰਜਵੇਂ ਮਿੰਟ ਵਿੱਚ ਸਾਹਲ ਅਬਦੁਲ ਸਮਦ ਨੂੰ ਕਰਾਸ ਦਿੱਤਾ ਪਰ ਲੇਬਨਾਨ ਦੇ ਬਾਕਸ ਵਿੱਚ ਖੜ੍ਹੇ ਸਾਹਲ ਇਸ ਦਾ ਫਾਇਦਾ ਨਹੀਂ ਉਠਾ ਸਕੇ। ਮੈਚ ਦੇ 22ਵੇਂ ਮਿੰਟ ਵਿੱਚ ਲੇਬਨਾਨ ਦੇ ਕਪਤਾਨ ਹਸਨ ਮਾਤੌਕ ਭਾਰਤੀ ਗੋਲ ਦੇ ਨੇੜੇ ਆਏ ਪਰ ਉਨ੍ਹਾਂ ਦਾ ਖ਼ਰਾਬ ਸ਼ਾਟ ਭਾਰਤ ਲਈ ਨੁਕਸਾਨ ਰਹਿਤ ਸੀ। ਪਹਿਲੇ ਹਾਫ 'ਚ ਇਕ ਵੀ ਟੀਚਾ ਹਾਸਲ ਨਾ ਕਰ ਸਕੀ ਭਾਰਤੀ ਟੀਮ ਨੇ ਦੂਜੇ ਹਾਫ ਦੀ ਸ਼ੁਰੂਆਤ ਹੁੰਦੇ ਹੀ ਖਾਤਾ ਖੋਲ੍ਹ ਲਿਆ। ਭਾਰਤ ਵੱਲੋਂ ਪਹਿਲਾ ਗੋਲ ਕਰਨ ਲਈ ਨਿਖਿਲ ਪੁਜਾਰੀ ਨੇ ਛਾਂਗਟੇ ਨੂੰ ਗੇਂਦ ਪਾਸ ਕੀਤੀ। ਛਾਂਗਟੇ ਨੇ ਬਾਲ ਨੂੰ ਡ੍ਰਿਬਲ ਕਰਦੇ ਹੋਏ ਛੇਤਰੀ ਕੋਲ ਪਹੁੰਚਾਇਆ, ਜਿਨ੍ਹਾਂ ਨੇ ਆਪਣਾ 87ਵਾਂ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਦੀ ਗੰਦੀ ਕਰਤੂਤ, ਮਸਾਜ ਪਾਰਲਰ 'ਚ ਕੁੜੀਆਂ ਨਾਲ ਕਰਦਾ ਸੀ ਜਬਰ-ਜ਼ਿਨਾਹ, ਮਿਲੀ ਸਖ਼ਤ ਸਜ਼ਾ

ਕੋਚ ਇਗੋਰ ਸਟਿਮਾਚ ਦੀ ਟੀਮ ਨੂੰ ਹੁਣ ਬੱਸ ਆਪਣੀ ਬੜ੍ਹਤ ਬਰਕਰਾਰ ਰੱਖਣ 'ਤੇ ਦੇਣਾ ਸੀ, ਹਾਲਾਂਕਿ ਛਾਂਗਟੇ ਲਈ ਰਾਤ ਅਜੇ ਵੀ ਬਾਕੀ ਸੀ। ਮਹੇਸ਼ ਨੇ ਸਭ ਤੋਂ ਪਹਿਲਾਂ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੇਬਨਾਨ ਦੇ ਗੋਲਕੀਪਰ ਤੋਂ ਅੱਗੇ ਨਹੀਂ ਵਧ ਸਕੇ। ਲੇਬਨਾਨ ਦਾ ਗੋਲਕੀਪਰ ਸਾਬੇਹ ਬਾਲ ਨੂੰ ਆਪਣੇ ਪਕੜ ਵਿਚ ਨਹੀਂ ਰੱਖ ਸਕਿਆ ਅਤੇ ਪਹਿਲੇ ਗੋਲ ਵਿੱਚ ਸ਼ਾਨਦਾਰ ਅਸਿਸਟ ਕਰਨ ਵਾਲੇ ਛਾਂਗਟੇ ਨੇ ਧੀਰਜ ਨਾਲ ਬਾਲ ਨੂੰ ਨੈੱਟ ਵਿੱਚ ਪਹੁੰਚਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਮੈਚ ਦੇ ਆਖਰੀ 10 ਮਿੰਟਾਂ ਵਿੱਚ ਲੇਬਨਾਨ ਦੇ ਕਪਤਾਨ ਮਾਟੋਕ ਦੇ ਇਲਾਵਾ ਟੀਮ ਕੋਈ ਵੀ ਮੌਕਾ ਨਹੀਂ ਬਣਾ ਸਕੀ। ਆਖ਼ਰੀ ਮਿੰਟ ਵਿਚ ਸਾਬੇਹ ਵੱਲੋਂ ਮਹੇਸ਼ ਦਾ ਹੈਡਰ ਰੋਕੇ ਜਾਣ ਦੇ ਬਾਵਜੂਦ ਭਾਰਤ ਨੇ ਮੈਚ 2-0 ਨਾਲ ਜਿੱਤ ਲਿਆ।

ਇਹ ਵੀ ਪੜ੍ਹੋ: ਮੈਰੀ ਮਿਲਬੇਨ ਅਮਰੀਕਾ 'ਚ PM ਮੋਦੀ ਦੇ ਪ੍ਰੋਗਰਾਮਾਂ 'ਚ ਕਰੇਗੀ ਪਰਫਾਰਮ, ਅਦਾਕਾਰਾ ਨੇ ਜਤਾਈ ਖੁਸ਼ੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News