ਏਸ਼ੀਆਈ ਯੁਵਾ ਪੈਰਾ ਖੇਡਾਂ 2021 ''ਚ ਭਾਰਤ ਨੇ ਪਹਿਲੇ ਦਿਨ ਜਿੱਤੇ 6 ਤਮਗ਼ੇ
Saturday, Dec 04, 2021 - 06:19 PM (IST)

ਬਹਿਰੀਨ- ਏਸ਼ੀਆਈ ਯੁਵਾ ਪੈਰਾ ਖੇਡਾਂ 'ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਬਹਿਰੀਨ 'ਚ ਹੋ ਰਹੀ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਭਾਰਤ ਨੇ 6 ਤਮਗ਼ੇ (ਇਕ ਸੋਨ, ਦੋ ਚਾਂਦੀ ਤੇ ਤਿੰਨ ਕਾਂਸੀ) ਜਿੱਤੇ ਹਨ। ਖੇਲੋ ਇੰਡੀਆ ਐਥਲੀਟ ਅਨਨਿਆ ਬੰਸਲ ਨੇ ਅੰਡਰ-20 ਮਹਿਲਾ ਸ਼ਾਟ ਪੁਟ (ਐੱਫ਼-20 ਸ਼੍ਰੇਣੀ) 'ਚ 7.05 ਮੀਟਰ ਦੇ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਚਾਂਦੀ ਦੇ ਤਮਗ਼ੇ ਨਾਲ ਤਮਗ਼ਾ ਸੂਚੀ 'ਚ ਭਾਰਤ ਦਾ ਖਾਤਾ ਖੋਲਿਆ, ਜਦਕਿ ਕਸ਼ਿਸ਼ ਲਾਕੜਾ ਨੇ ਮਹਿਲਾ ਕਲੱਬ ਥੋਅ ਐੱਫ.-51 ਸ਼੍ਰੇਣੀ 'ਚ ਚਲ ਰਹੀ ਪ੍ਰਤੀਯੋਗਿਤਾ 'ਚ ਪਹਿਲਾ ਸੋਨ ਤਮਗ਼ਾ ਜਿੱਤਿਆ।
ਦੂਜੇ ਪਾਸੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ (ਐੱਫ-54 ਸ਼ੇਣੀ) ਮੁਕਾਬਲੇ 'ਚ ਲਕਸ਼ਿਤ ਤੇ ਪੁਰਸ਼ਾਂ ਦੇ ਸ਼ਾਟ ਪੁੱਟ ਮੁਕਾਬਲੇ 'ਚ ਸੰਜੇ ਰੈੱਡੀ ਨੀਲਮ ਨੇ ਕਾਂਸੀ ਤਮਗ਼ੇ ਜਿੱਤੇ। ਦਿਨ ਦੇ ਅਖ਼ੀਰ ਤਕ ਭਾਰਤ ਨੇ ਦੋ ਹੋਰ ਤਮਗ਼ੇ ਆਪਣੇ ਖਾਤੇ 'ਚ ਜੋੜੇ। ਪੁਰਸ਼ਾਂ ਦੀ ਸ਼ਾਟ ਪੁੱਟ ਐੱਫ-46 ਵਰਗ 'ਚ ਵਿਕਾਸ ਭਾਟੀਵਾਲ ਨੇ ਚਾਂਦੀ, ਜਦਕਿ 400 ਮੀਟਰ ਦੀ ਟੀ-46 ਵਰਗ 'ਚ ਬੇਨੇਟ ਬੀਜੂ ਜਾਰਜ ਨੇ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਪ੍ਰਤੀਯੋਗਿਤਾ ਦੇ ਸ਼ੁੱਕਰਵਾਰ ਨੂੰ ਆਯੋਜਿਤ ਉਦਘਾਟਨ ਸਮਾਗਮ 'ਚ ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗ਼ਾ ਜੇਤੂ ਪ੍ਰਵੀਣ ਕੁਮਾਰ ਤੇ ਪੈਰਾ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਭਾਰਤ ਦੇ ਝੰਡਾਬਰਦਾਰ ਸਨ।