ਭਾਰਤ ਨੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਜਿੱਤੇ 3 ਤਮਗੇ
Monday, Oct 14, 2024 - 12:19 PM (IST)
ਅਸਤਾਨਾ (ਕਜ਼ਾਕਿਸਤਾਨ), (ਭਾਸ਼ਾ)– ਭਾਰਤ ਨੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਐਤਵਾਰ ਨੂੰ ਇੱਥੇ ਆਪਣੀ ਮੁਹਿੰਮ 3 ਤਮਗਿਆਂ ਨਾਲ ਖਤਮ ਕੀਤੀ, ਜਿਨ੍ਹਾਂ ਵਿਚ ਮਹਿਲਾ ਡਬਲਜ਼ ਵਿਚ ਇਤਿਹਾਸਕ ਕਾਂਸੀ ਤਮਗਾ ਵੀ ਸ਼ਾਮਲ ਹੈ। ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੋੜੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਣ ਵਾਲੀ ਅਯਹਿਕਾ ਮੁਖਰਜੀ ਤੇ ਸੁਤੀਰਥਾ ਮੁਖਰਜੀ ਦੀ ਵਿਸ਼ਵ ਵਿਚ 15ਵੇਂ ਨੰਬਰ ਦੀ ਭਾਰਤੀ ਜੋੜੀ ਸੈਮੀਫਾਈਨਲ ਵਿਚ ਜਾਪਾਨ ਦੀ ਸਿਵਾ ਹਰਿਮੋਤੋ ਤੇ ਮਿਊ ਕਿਹਾਰਾ ਹੱਥੋਂ 30 ਮਿੰਟ ਤੋਂ ਵੀ ਘੱਟ ਸਮੇਂ ਵਿਚ 4-1, 9-11, 8-11 ਨਾਲ ਹਾਰ ਗਈ। ਭਾਰਤੀ ਜੋੜੀ ਨੂੰ ਇਸ ਤਰ੍ਹਾਂ ਨਾਲ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਪਰ ਇਹ ਪਹਿਲਾ ਮੌਕਾ ਹੈ ਜਦਕਿ ਭਾਰਤ ਨੇ ਮਹਿਲਾ ਡਬਲਜ਼ ਵਿਚ ਤਮਗਾ ਜਿੱਤਿਆ। ਭਾਰਤੀ ਜੋੜੀ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਦੱਖਣੀ ਕੋਰੀਆ ਦੀ ਕਿਮ ਨਾਯਾਂਗ ਤੇ ਲੀ ਯੂਨਹੇ ਨੂੰ ਹਰਾ ਕੇ ਤਮਗਾ ਪੱਕਾ ਕੀਤਾ ਸੀ।
ਭਾਰਤੀ ਮਹਿਲਾ ਟੀਮ ਨੇ ਇਸ ਤੋਂ ਪਹਿਲਾਂ ਟੀਮ ਪ੍ਰਤੀਯੋਗਿਤਾ ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤਿਆ ਸੀ। ਮਣਿਕਾ ਬੱਤਰਾ, ਅਯਹਿਕਾ ਮੁਖਰਜੀ ਤੇ ਸੁਤੀਰਥਾ ਮੁਖਰਜੀ ਦੀ ਭਾਰਤੀ ਟੀਮ ਸੈਮੀਫਾਈਨਲ ਵਿਚ ਜਾਪਾਨ ਹੱਥੋਂ 1-3 ਨਾਲ ਹਾਰ ਗਈ ਸੀ ਪਰ ਆਖਰੀ 4 ਵਿਚ ਪਹੁੰਚ ਕੇ ਉਸ ਨੇ ਆਪਣੇ ਲਈ ਕਾਂਸੀ ਤਮਗਾ ਪੱਕਾ ਕਰ ਲਿਆ ਸੀ। ਇਹ ਪ੍ਰਤੀਯੋਗਿਤਾ 1972 ਵਿਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦਕਿ ਭਾਰਤ ਨੇ ਮਹਿਲਾ ਟੀਮ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਿਆ।
ਪੁਰਸ਼ ਵਰਗ ਵਿਚ ਅਚੰਤਾ ਸ਼ਰਤ ਕਮਲ, ਮਾਨਵ ਠੱਕਰ ਤੇ ਹਰਮੀਤ ਦੇਸਾਈ ਦੀ ਭਾਰਤੀ ਟੀਮ ਸੈਮੀਫਾਈਨਲ ਵਿਚ ਚੀਨੀ ਤਾਈਪੇ ਹੱਥੋਂ 0-3 ਨਾਲ ਹਾਰ ਗਈ ਪਰ ਆਖਰੀ 4 ਵਿਚ ਪਹੁੰਚਣ ਨਾਲ ਉਹ ਲਗਾਤਾਰ ਤੀਜੀ ਵਾਰ ਤਮਗਾ ਹਾਸਲ ਕਰਨ ਵਿਚ ਸਫਲ ਰਹੀ। ਪੁਰਸ਼ ਸਿੰਗਲਜ਼ ਵਿਚ ਮਾਨਵ ਠੱਕਰ ਤੇ ਮਾਨੁਸ਼ ਸ਼ਾਹ ਪ੍ਰੀ-ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਏ। ਠੱਕਰ ਨੂੰ ਹਾਂਗਕਾਂਗ ਦੇ ਬਾਲਡਵਿਨ ਚਾਨ ਹੱਥੋਂ 4-1, 4-11, 8-11 ਨਾਲ ਜਦਕਿ ਮਾਨੁਸ਼ ਨੂੰ ਚੀਨੀ ਤਾਈਪੇ ਦੇ ਲਿਨ ਯੁਨ ਜੂ ਹੱਥੋਂ ਇਕ ਸਖਤ ਮੁਕਾਬਲੇ ਵਿਚ 8-11, 5-11, 11-7, 11-6, 12-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।