ਪ੍ਰੋ ਲੀਗ ਨਾਲ ਆਪਣੀਆਂ ਓਲੰਪਿਕ ਤਿਆਰੀਆਂ ਮਜ਼ਬੂਤ ਕਰੇਗਾ ਭਾਰਤ

01/08/2020 2:12:41 AM

ਨਵੀਂ ਦਿੱਲੀ- ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕਾ ਭਾਰਤ ਐੱਫ. ਆਈ. ਐੈੱਚ. ਹਾਕੀ ਪ੍ਰੋ ਲੀਗ ਵਿਚ ਪਹਿਲੀ ਵਾਰ ਹਿੱਸਾ ਲੈ ਕੇ ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤੀ ਦੇਵੇਗਾ। ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਨੇ ਪਿਛਲੇ ਸਾਲ ਨਵੰਬਰ ਵਿਚ ਓਡਿਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ ਵਿਚ ਰੂਸ ਨੂੰ ਆਸਾਨੀ ਨਾਲ ਹਰਾ ਕੇ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ ਸੀ। ਕੌਮਾਂਤਰੀ ਹਾਕੀ ਦੀ ਤਾਕਤ ਸਮਝਿਆ ਜਾਣ ਵਾਲਾ ਭਾਰਤ 8 ਵਾਰ ਦਾ ਓਲੰਪਿਕ ਚੈਂਪੀਅਨ ਹੈ ਅਤੇ ਉਹ ਪਹਿਲੀ ਵਾਰ ਪ੍ਰੋ ਲੀਗ ਵਿਚ ਹਿੱਸਾ ਲਵੇਗਾ। ਭਾਰਤ ਨੇ ਓਲੰਪਿਕ ਵਿਚ ਆਖਰੀ ਵਾਰ ਸੋਨ ਤਮਗਾ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿਚ ਜਿੱਤਿਆ ਸੀ ਪਰ ਇਸ ਤੋਂ ਬਾਅਦ ਭਾਰਤੀ ਹਾਕੀ ਨੂੰ ਆਪਣੇ ਪਹਿਲੇ ਓਲੰਪਿਕ ਤਮਗੇ ਦਾ ਇੰਤਜ਼ਾਰ ਹੈ।
ਪ੍ਰੋ ਲੀਗ ਦੀ ਸ਼ੁਰੂਆਤ 11 ਜਨਵਰੀ ਤੋਂ ਹੋਣੀ ਹੈ। ਇਸਦਾ ਉਦਘਾਟਨੀ ਮੁਕਾਬਲਾ ਚੀਨ ਦੇ ਜਾਂਗ ਝੋਓ ਸਥਿਤ ਵੁਜਿਨ ਹਾਕੀ ਸਟੇਡੀਅਮ ਵਿਚ ਹੋਵੇਗਾ। ਪ੍ਰੋ ਲੀਗ ਦੀ ਪਹਿਲੀ ਮਹਿਲਾ ਚੈਂਪੀਅਨ ਹਾਲੈਂਡ ਆਪਣੇ ਖਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਚੀਨ ਵਿਚ 11 ਤੋਂ 12 ਜਨਵਰੀ ਨੂੰ ਹੋਣ ਵਾਲੇ ਮੈਚਾਂ ਨਾਲ ਕਰੇਗੀ। ਜਨਵਰੀ ਤੋਂ ਜੂਨ 2020 ਵਿਚਾਲੇ ਚੱਲਣ ਵਾਲੀ ਇਸ ਪ੍ਰੋ ਲੀਗ ਵਿਚ 144 ਮੈਚ ਖੇਡੇ ਜਾਣਗੇ ਅਤੇ ਦੁਨੀਆ ਦੀਆਂ ਸਰਵਸ੍ਰੇਸ਼ਠ ਪੁਰਸ਼ ਅਤੇ ਮਹਿਲਾ ਟੀਮਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ।
ਇਸ ਟੂਰਨਾਮੈਂਟ ਦਾ ਪਹਿਲਾ ਸੈਸ਼ਨ 2019 ਵਿਚ ਹੋਇਆ ਸੀ। ਸਾਲ 2020 ਦਾ ਸੈਸ਼ਨ ਟੋਕੀਓ ਓਲੰਪਿਕ ਨੂੰ ਦੇਖਦੇ ਹੋਏ ਕਾਫੀ ਮਹੱਤਵਪੂਰਨ ਹੋ ਗਿਆ ਹੈ ਅਤੇ 11 ਦੇਸ਼ਾਂ ਵਿਚ 20 ਸਥਾਨ ਪ੍ਰੋ-ਲੀਗ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਪ੍ਰੋੋ ਲੀਗ  ਵਿਚ ਹਿੱਸਾ ਲੈ ਰਹੀਆਂ 18 ਟੀਮਾਂ ਵਿਚੋਂ 16 ਟੀਮਾਂ ਇਸ ਸਾਲ ਦੀਆਂ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਜਾ ਰਹੀਆਂ ਹਨ ਅਤੇ ਇਨ੍ਹਾਂ ਸਾਰੀਆਂ ਟੀਮਾਂ ਨੂੰ ਆਪਣੀਆਂ ਓਲੰਪਿਕ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।
ਭਾਰਤ ਆਪਣੇ ਘਰੇਲੂ ਮੈਚ 15000 ਦਰਸ਼ਕਾਂ ਦੀ ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ਵਿਚ ਖੇਡੇਗਾ। ਇਸ ਸਟੇਡੀਅਮ ਨੇ 2018 ਵਿਚ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਭਾਰਤੀ ਟੀਮ ਨੂੰ ਪ੍ਰੋ ਲੀਗ ਦੇ ਪਹਿਲੇ ਜੇਤੂ ਅਤੇ ਓਸਨੀਆ ਚੈਂਪੀਅਨ ਆਸਟਰੇਲੀਆ (ਰੈਂਕਿੰਗ-1), ਵਿਸ਼ਵ ਅਤੇ ਯੂਰਪੀਅਨ ਚੈਂਪੀਅਨ (2), ਓਲੰਪਿਕ ਚੈਂਪੀਅਨ ਅਰਜਨਟੀਨਾ (4), ਹਾਲੈਂਡ (3), ਜਰਮਨੀ (6), ਬ੍ਰਿਟੇਨ (7), ਸਪੇਨ (8) ਅਤੇ ਨਿਊਜ਼ੀਲੈਂਡ (9) ਨਾਲ ਹੋਮ ਐਂਡ ਅਵੇ ਦੇ ਆਧਾਰ 'ਤੇ ਭਿੜਨ ਦਾ ਮੌਕਾ ਮਿਲੇਗਾ। ਮਹਿਲਾ ਵਰਗ ਵਿਚ ਭਾਰਤ ਦਾ ਹਾਲੈਂਡ (ਰੈਂਕਿੰਗ-1), ਆਸਟਰੇਲੀਆ (2), ਅਰਜਨਟੀਨਾ (3), ਜਰਮਨੀ (4), ਓਲੰਪਿਕ ਚੈਂਪੀਅਨ ਬ੍ਰਿਟੇਨ (5), ਨਿਊਜ਼ੀਲੈਂਡ (6), ਚੀਨ (10), ਬੈਲਜੀਅਮ (12) ਅਤੇ ਅਮਰੀਕਾ (13) ਨਾਲ ਮੁਕਾਬਲਾ ਹੋਵੇਗਾ।


Gurdeep Singh

Content Editor

Related News