ਇਟਲੀ ’ਤੇ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਉਤਰੇਗਾ ਭਾਰਤ
Monday, Jan 15, 2024 - 06:56 PM (IST)
ਰਾਂਚੀ, (ਭਾਸ਼ਾ)– ਪਹਿਲਾ ਮੈਚ ਗੁਆਉਣ ਤੋਂ ਬਾਅਦ ਦੂਜੇ ਮੈਚ ਵਿਚ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਪਟਰੀ ’ਤੇ ਲਿਆਉਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਮੰਗਲਵਾਰ ਨੂੰ ਇੱਥੇ ਇਟਲੀ ਦੀ ਘੱਟ ਰੈਂਕਿੰਗ ਵਾਲੀ ਟੀਮ ’ਤੇ ਵੱਡੀ ਜਿੱਤ ਦਰਜ ਕਰਕੇ ਐੱਫ. ਆਈ. ਐੱਚ. ਮਹਿਲਾ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ।
ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ ’ਤੇ ਕਾਬਜ਼ ਭਾਰਤ ਦੀ ਟੂਰਨਾਮੈਂਟ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੂੰ ਪੂਲ-ਬੀ ਦੇ ਆਪਣੇ ਪਹਿਲੇ ਮੈਚ ਵਿਚ 12ਵੀਂ ਰੈਂਕਿੰਗ ਵਾਲੀ ਅਮਰੀਕੀ ਟੀਮ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਵਿਤਾ ਪੂਨੀਆ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਹਾਲਾਂਕਿ ਆਪਣੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਕੇ ਪੈਰਿਸ ਓਲੰਪਿਕ ਵਿਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।
ਏਸ਼ੀਆਈ ਖੇਡਾਂ ਰਾਹੀਂ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਭਾਰਤੀ ਟੀਮ ਕੋਲ ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਜਗ੍ਹਾ ਬਣਾਉਣ ਦਾ ਇਹ ਆਖਰੀ ਮੌਕਾ ਹੈ। ਇਸ ਟੂਰਨਾਮੈਂਟ ਵਿਚ ਚੋਟੀ ’ਤੇ ਰਹਿਣ ਵਾਲੀਆਂ 3 ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ। ਅਮਰੀਕਾ ਦੋ ਮੈਚ ਮੈਚਾਂ ਵਿਚੋਂ ਜਿੱਤ ਦਰਜ ਕਰਕੇ ਪੂਲ-ਬੀ ਵਿਚ ਚੋਟੀ ’ਤੇ ਹੈ ਜਦਕਿ ਭਾਰਤ ਤੇ ਨਿਊਜ਼ੀਲੈਂਡ ਦੇ 3-3 ਅੰਕ ਹਨ। ਗੋਲ ਫਰਕ ਵਿਚ ਹਾਲਾਂਕਿ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਪਿੱਛੇ ਹੈ। ਅਜਿਹੀ ਸਥਿਤੀ ਵਿਚ ਭਾਰਤ ਨੂੰ ਵਿਸ਼ਵ ਵਿਚ 20ਵੇਂ ਨੰਬਰ ਦੀ ਇਟਲੀ ਦੀ ਟੀਮ ਵਿਰੁੱਧ ਵੱਡੀ ਜਿੱਤ ਦਰਜ ਕਰਨੀ ਪਵੇਗੀ। ਦੋਵੇਂ ਪੂਲ ’ਚੋਂ ਪਹਿਲੇ ਦੋ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ਵਿਚ ਜਗ੍ਹਾ ਬਣਾਉਣਗੀਆਂ। ਸੈਮੀਫਾਈਨਲ ਵੀਰਵਾਰ ਨੂੰ ਖੇਡੇ ਜਾਣਗੇ।
ਇਹ ਵੀ ਪੜ੍ਹੋ : ਕਈ ਤਰ੍ਹਾਂ ਦੇ ਸ਼ਾਟ ਖੇਡਣਾ ਰੱਬ ਦਾ ਤੋਹਫ਼ਾ ਹੈ: ਸ਼ਿਵਮ ਦੂਬੇ
ਭਾਰਤੀ ਟੀਮ ਨੇ ਜੇਕਰ ਅਮਰੀਕਾ ਵਿਰੁੱਧ ਆਪਣੇ ਸ਼ੁਰੂਆਤੀ ਮੈਚ ਵਿਚ ਖਰਾਬ ਪ੍ਰਦਰਸ਼ਨ ਤਾਂ ਉੱਥੇ ਹੀ, ਨਿਊਜ਼ੀਲੈਂਡ ਵਿਰੁੱਧ ਅਗਲੇ ਮੈਚ ਵਿਚ ਉਸ ਨੇ ਸ਼ਾਨਦਾਰ ਖੇਡ ਦਿਖਾਈ। ਭਾਰਤੀ ਟੀਮ ਹੁਣ ਇਟਲੀ ਵਿਰੁੱਧ ਆਪਣੀ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਡਿਫੈਂਸ, ਮਿਡਫੀਲਡ ਤੇ ਫਾਰਵਰਡ ਲਾਈਨ ਵਿਚ ਸ਼ਾਨਦਾਰ ਤਾਲਮੇਲ ਦਿਖਾਇਆ । ਕੋਚ ਯਾਨੇਕ ਸ਼ੋਪਮੈਨ ਨੂੰ ਉਮੀਦ ਹੋਵੇਗੀ ਕਿ ਟੀਮ ਅਗਲੇ ਮੈਚ ਵਿਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗੀ।
ਭਾਰਤੀ ਟੀਮ ਦੀ ਸਭ ਤੋਂ ਵੱਡੀ ਸਮੱਸਿਆ ਪੈਨਲਟੀ ਕਾਰਨਰ ਨੂੰ ਗੋਲ ਵਿਚ ਨਾ ਬਦਲ ਸਕਣਾ ਹੈ। ਉਸ ਨੇ ਦੋ ਮੈਚਾਂ ਵਿਚ ਹੁਣ ਤਕ 13 ਪੈਨਲਟੀ ਕਾਰਨਰ ਹਾਸਲ ਕੀਤੇ ਹਨ ਪਰ ਉਨ੍ਹਾਂ ਵਿਚੋਂ ਸਿਰਫ ਇਕ ਵਾਰ ਹੀ ਗੋਲ ਕਰ ਸਕੀ। ਇਟਲੀ ਨੇ ਅਜੇ ਤਕ ਆਪਣੇ ਦੋਵੇਂ ਮੈਚ ਗੁਆਏ ਹਨ ਤੇ ਉਹ ਕੁਆਲੀਫਾਈ ਕਰਨ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ ਪਰ ਉਸਦੀ ਟੀਮ ਭਾਰਤ ਦੇ ਰਸਤੇ ਵਿਚ ਰੋੜਾ ਬਣ ਸਕਦੀ ਹੈ ਤੇ ਇਸ ਲਈ ਸਵਿਤਾ ਪੂਨੀਆ ਦੀ ਟੀਮ ਆਪਣੀ ਇਸ ਵਿਰੋਧੀ ਟੀਮ ਨੂੰ ਹਲਕੇ ਵਿਚ ਲੈਣ ਦੀ ਗਲਤੀ ਨਹੀਂ ਕਰੇਗੀ।
ਭਾਰਤ ਕੋਚ ਸ਼ੋਪਮੈਨ ਨੇ ਆਪਣੇ ਖਿਡਾਰੀਆਂ ਨੂੰ ਇਟਲੀ ਤੋਂ ਚੌਕਸ ਰਹਿਣ ਦੀ ਸਲਾਹ ਦਿੰਦਿਆਂ ਕਿਹਾ,‘‘ਇਹ ਮੈਚ ਸਖਤ ਹੋ ਸਕਦਾ ਹੈ ਕਿਉਂਕਿ ਇਟਲੀ ਦੀ ਟੀਮ ਵੀ ਅਰਜਨਟੀਨਾ ਦੀ ਤਰ੍ਹਾਂ ਸਾਹਸੀ ਖੇਡ ਖੇਡਦੀ ਹੈ। ਸਾਨੂੰ ਸਬਰ ਬਰਕਰਾਰ ਰੱਖਣਾ ਪਵੇਗੀ। ਸਾਨੂੰ ਹਰ ਹਾਲ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣਾ ਪਵੇਗਾ।’’ ਭਾਰਤ ਲਈ ਇਹ ਫਾਇਦੇ ਦੀ ਗੱਲ ਹੈ ਕਿ ਉਸ ਨੂੰ ਆਪਣਾ ਮੈਚ ਅਮਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਤੋਂ ਬਾਅਦ ਖੇਡਣਾ ਹੈ। ਇਸ ਨਾਲ ਉਸਦੇ ਸਾਹਮਣੇ ਤਸਵੀਰ ਸਪੱਸ਼ਟ ਹੋਵੇਗੀ ਕਿ ਉਸ ਨੂੰ ਕਿੰਨੇ ਫਰਕ ਨਾਲ ਜਿੱਤ ਦਰਜ ਕਰਨੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।