ਸੂਰਯਾਕੁਮਾਰ ਅਤੇ ਗੰਭੀਰ ਦੇ ਨਵੇਂ ਯੁੱਗ ’ਚ ਦਬਦਬਾ ਬਰਕਰਾਰ ਰੱਖਣ ਲਈ ਉਤਰੇਗਾ ਭਾਰਤ

Saturday, Jul 27, 2024 - 12:18 PM (IST)

ਸੂਰਯਾਕੁਮਾਰ ਅਤੇ ਗੰਭੀਰ ਦੇ ਨਵੇਂ ਯੁੱਗ ’ਚ ਦਬਦਬਾ ਬਰਕਰਾਰ ਰੱਖਣ ਲਈ ਉਤਰੇਗਾ ਭਾਰਤ

ਪਾਲੇਕਲ– ਗੌਤਮ ਗੰਭੀਰ ਅਤੇ ਸੂਰਯਾਕੁਮਾਰ ਯਾਦਵ ਦੀ ਨਵਨਿਯੁਕਤ ਕੋਚ ਅਤੇ ਕਪਤਾਨ ਦੀ ਜੋੜੀ ਦੇ ਨਾਲ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਤੋਂ ਇਥੇ ਸ਼ੁਰੂ ਹੋਣ ਵਾਲੀ 3 ਟੀ-20 ਕੌਮਾਂਤਰੀ ਮੈਚਾਂ ਦੀ ਲੜੀ ’ਚ ਆਪਣੀ ਖਾਸ ਪਛਾਣ ਬਣਾਉਣ ਦੀ ਕੋਸ਼ਿਸ਼ ਕਰੇਗੀ। 2 ਵਾਰ ਦੇ ਵਿਸ਼ਵ ਕੱਪ ਜੇਤੂ ਗੰਭੀਰ ਮੁੱਖ ਕੋਚ ਦੇ ਰੂਪ ’ਚ ਜਦਕਿ ਟੀ-20 ਦੇ ਬੈਸਟ ਬੱਲੇਬਾਜ਼ਾਂ ’ਚੋਂ ਇਕ ਸੂਰਯਾਕੁਮਾਰ ਖੇਡ ਦੇ ਇਸ ਛੋਟੇ ਰੂਪ ’ਚ ਕਪਤਾਨ ਦੇ ਰੂਪ ’ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨਗੇ।
ਸੂਰਯਾਕੁਮਾਰ ਨੂੰ ਕਪਤਾਨ ਬਣਾਉਣਾ ਥੋੜਾ ਹੈਰਾਨੀ ਭਰਿਆ ਫੈਸਲਾ ਰਿਹਾ ਕਿਉਂਕਿ ਰੋਹਿਤ ਸ਼ਰਮਾ ਦੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਇਸ ਅਹੁਦੇ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਚੋਣ ਕਮੇਟੀ ਨੇ ਸੂਰਯਾਕੁਮਾਰ ਦੇ ਕਪਤਾਨ ਦੇ ਰੂਪ ’ਚ ਘੱਟ ਤਜਰਬੇ ਨੂੰ ਨਜ਼ਰਅੰਦਾਜ਼ ਕਰ ਕੇ ਉਨ੍ਹਾਂ ਨੂੰ ਟੀਮ ਦੀ ਕਮਾਨ ਸੌਂਪੀ ਹੈ। ਅਗਲਾ ਟੀ-20 ਵਿਸ਼ਵ ਕੱਪ 2026 ’ਚ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ’ਚ ਖੇਡਿਆ ਜਾਵੇਗਾ ਤੇ ਚੋਣਕਰਤਾਵਾਂ ਕੋਲ ਉਸ ਲਈ ਟੀਮ ਤਿਆਰ ਕਰਨ ਲਈ ਅਜੇ ਕਾਫੀ ਸਮਾਂ ਹੈ।
ਭਾਰਤੀ ਟੀਮ ’ਚ ਇਹ ਬਦਲਾਅ ਪਿਛਲੇ ਮਹੀਨੇ ਵਿਸ਼ਵ ਕੱਪ ਜਿੱਤਣ ਤੇ ਰੋਹਿਤ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਦੇ ਸੰਨਿਆਸ ਲੈਣ ਤੋਂ ਬਾਅਦ ਆਇਆ ਹੈ। ਜਿਥੋਂ ਤੱਕ ਸ਼੍ਰੀਲੰਕਾ ਦੀ ਗੱਲ ਹੈ ਤਾਂ ਉਹ ਵੀ ਬਦਲਾਅ ਦੇ ਦੌਰ ’ਚੋਂ ਲੰਘ ਰਹੀ ਹੈ। ਟੀ-20 ਵਿਸ਼ਵ ਕੱਪ ’ਚੋਂ ਛੇਤੀ ਬਾਹਰ ਹੋਣ ਤੋਂ ਬਾਅਦ ਕਪਤਾਨ ਵਾਨਿੰਦੂ ਹਸਰੰਗਾ, ਕੋਚ ਕ੍ਰਿਸ ਸਿਲਵਰਵੁੱਡ ਅਤੇ ਸਲਾਹਕਾਰ ਕੋਚ ਮਹੇਲਾ ਜੈਵਰਧਨੇ ਨੇ ਆਪਣੇ ਅਹੁਦੇ ਛੱਡ ਦਿੱਤੇ ਹਨ। ਹੁਣ ਸਨਥ ਜੈਸੂਰਿਆ ਨੂੰ ਅੰਤ੍ਰਿਮ ਕੋਚ ਬਣਾਇਆ ਗਿਆ ਹੈ। ਕਪਤਾਨੀ ਦੀ ਜ਼ਿੰਮੇਵਾਰੀ ਤਜਰਬੇਕਾਰ ਬੱਲੇਬਾਜ਼ ਚਰਿਥ ਅਸਲਾਂਕਾ ਕੋਲ ਹੈ।
ਜਿਥੋਂ ਤੱਕ ਸ਼੍ਰੀਲੰਕਾ ਦੀ ਗੱਲ ਹੈ ਤਾਂ ਉਹ ਤੇਜ਼ ਗੇਂਦਬਾਜ਼ੀ ਵਿਭਾਗ ’ਚ ਕਮਜ਼ੋਰ ਨਜ਼ਰ ਆਉਂਦਾ ਹੈ ਕਿਉਂਕਿ ਉਸ ਦੇ 2 ਤਜਰਬੇਕਾਰ ਗੇਂਦਬਾਜ਼ ਦੁਸ਼ਮੰਥਾ ਚਮੀਰਾ ਅਤੇ ਨੁਵਾਨ ਤੁਸ਼ਾਰਾ ਬਿਮਾਰੀ ਅਤੇ ਸੱਟ ਕਾਰਨ ਲੜੀ ’ਚੋਂ ਬਾਹਰ ਹੋ ਗਏ ਹਨ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ :
ਸੂਰਯਾਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ, ਮੁਹੰਮਦ ਸਿਰਾਜ।
ਸ਼੍ਰੀਲੰਕਾ : ਦਿਨੇਸ਼ ਚਾਂਦੀਮਲ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ (ਵਿਕਟਕੀਪਰ), ਪਥੁਮ ਨਿਸਾਂਕਾ, ਕੁਸਲ ਪਰੇਰਾ, ਚਰਿਥ ਅਸਲਾਂਕਾ (ਕਪਤਾਨ), ਵਾਨਿੰਦੁ ਹਸਰੰਗਾ, ਕਮਿੰਦੂ ਮੈਂਡਿਸ, ਦਾਸੁਨ ਸ਼ਨਾਕਾ, ਚਮਿੰਡੂ ਵਿਕਰਮਸਿੰਘੇ, ਬਿਨੁਰਾ ਫਰਨਾਂਡੋ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ, ਮਥੀਸ਼ਾ ਪਥਿਰਾਨਾ, ਮਹੇਸ਼ ਥੀਕਸ਼ਾਨਾ, ਡੁਨਿਥ ਵੇਲਾਲਗੇ।
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ


author

Aarti dhillon

Content Editor

Related News