IND vs SL 3rd T20 : ਸ਼੍ਰੀਲੰਕਾ ਨੂੰ 78 ਦੌੜਾਂ ਨਾਲ ਹਰਾ ਭਾਰਤ ਨੇ 2-0 ਨਾਲ ਜਿੱਤੀ ਸੀਰੀਜ਼

01/10/2020 10:11:37 PM

ਪੁਣੇ- ਓਪਨਰਾਂ ਲੋਕੇਸ਼ ਰਾਹੁਲ (54) ਤੇ ਸ਼ਿਖਰ ਧਵਨ (52) ਦੇ ਬਿਹਤਰੀਨ ਅਰਧ ਸੈਂਕੜਿਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਤੀਜੇ ਤੇ ਆਖਰੀ ਟੀ-20 ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 4.1 ਓਵਰ ਬਾਕੀ ਰਹਿੰਦਿਆਂ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਮਹਿਮਾਨ ਟੀਮ ਦਾ 2-0 ਨਾਲ ਸਫਾਇਆ ਕਰ ਦਿੱਤਾ। ਭਾਰਤ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 201 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 15.5 ਓਵਰਾਂ ਵਿਚ ਸਿਰਫ 123 ਦੌੜਾਂ 'ਤੇ ਢੇਰ ਕਰ ਦਿੱਤਾ। ਸੀਰੀਜ਼ ਦਾ ਗੁਹਾਟੀ ਵਿਚ ਪਹਿਲਾ ਮੈਚ ਮੀਂਹ ਕਾਰਨ ਰੱਦ ਰਿਹਾ ਸੀ ਜਦਕਿ ਟੀਮ ਇੰਡੀਆ ਨੇ ਇਸ ਤੋਂ ਬਾਅਦ ਇੰਦੌਰ ਤੇ ਪੁਣੇ ਵਿਚ ਅਗਲੇ ਦੋ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਮਹਿਮਾਨ ਸ਼੍ਰੀਲੰਕਾ ਨੂੰ ਲੜੀ ਡਰਾਅ ਕਰਵਾਉਣ ਲਈ ਆਖਰੀ ਤੇ ਫੈਸਲਾਕੁੰਨ ਮੈਚ ਜਿੱਤਣ ਦੀ ਲੋੜ ਸੀ ਪਰ ਉਹ ਇਸ ਮੈਚ ਵਿਚ ਜਿੱਤਣ ਦਾ ਜਜ਼ਬਾ ਨਹੀਂ ਦਿਖਾ ਸਕੀ ਤੇ ਉਸ ਨੂੰ ਕਲੀਨ ਸਵੀਪ ਦੀ ਸ਼ਰਮਿੰਦਗੀ ਝੱਲਣੀ ਪਈ।

PunjabKesari

ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਉਸ ਦੇ ਦੋਵਾਂ ਓਪਨਰਾਂ ਲੋਕੇਸ਼ ਰਾਹੁਲ ਤੇ ਸ਼ਿਖਰ ਧਵਨ ਨੇ ਅਰਧ ਸੈਂਕੜੇ ਲਾਏ। ਰਾਹੁਲ ਤੇ ਸ਼ਿਖਰ ਨੇ ਪਹਿਲੀ ਵਿਕਟ ਲਈ 10.5 ਓਵਰਾਂ ਵਿਚ 97 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਭਾਰਤੀ ਓਪਨਰਾਂ ਨੇ ਸ਼੍ਰੀਲੰਕਾ ਦੇ ਤੇਜ਼ ਤੇ ਸਪਿਨ ਗੇਂਦਬਾਜ਼ਾਂ ਨੂੰ ਸਹਿਜਤਾ ਨਾਲ ਖੇਡਿਆ। ਸ਼ਿਖਰ ਨੇ 36 ਗੇਂਦਾਂ 'ਤੇ 52 ਦੌੜਾਂ ਦੀ ਪਾਰੀ ਵਿਚ 7 ਚੌਕੇ ਤੇ 1 ਛੱਕਾ ਲਾਇਆ, ਜਦਕਿ ਰਾਹੁਲ ਨੇ 36 ਗੇਂਦਾਂ 'ਤੇ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ।
ਭਾਰਤੀ ਕਪਤਾਨ ਵਿਰਾਟ ਕੋਹਲੀ ਹੈਰਾਨੀਜਨਕ ਤਰੀਕੇ ਨਾਲ ਛੇਵੇਂ ਨੰਬਰ 'ਤੇ ਖੇਡਣ ਉਤਰਿਆ ਤੇ ਉਸ ਨੇ 17 ਗੇਂਦਾਂ 'ਤੇ 2 ਚੌਕਿਆਂ ਤੇ 1 ਛੱਕੇ ਦੇ ਸਹਾਰੇ 26 ਦੌੜਾਂ ਬਣਾਈਆਂ। ਚੌਥੇ ਨੰਬਰ 'ਤੇ ਖੇਡਣ ਵਾਲੇ ਮਨੀਸ਼ ਪਾਂਡੇ ਨੇ 18 ਗੇਂਦਾਂ 'ਤੇ 4 ਚੌਕਿਆਂ ਦੇ ਸਹਾਰੇ ਅਜੇਤੂ 31 ਦੌੜਾਂ ਬਣਾਈਆਂ, ਜਦਕਿ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਕੁਝ ਕਰਾਰੇ ਹੱਥ ਦਿਖਾਉਂਦਿਆਂ 8 ਗੇਂਦਾਂ 'ਤੇ 1 ਚੌਕੇ ਤੇ 2 ਛੱਕਿਆਂ ਦੇ ਸਹਾਰੇ ਅਜੇਤੂ 22 ਦੌੜਾਂ ਬਣਾਈਆਂ ਤੇ ਭਾਰਤ ਨੂੰ 200 ਦੇ ਪਾਰ ਪਹੁੰਚਾਇਆ ਸੀ।

PunjabKesari
ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਸ਼ੁਰੂਆਤ ਵਿਚ ਚਾਰ ਝਟਕਿਆਂ ਤੋਂ ਬਾਅਦ ਸੰਭਲ ਨਹੀਂ ਸਕੀ ਤੇ ਉਸ ਨੇ ਭਾਰਤ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪਿਛਲੇ ਮੈਚ ਦੇ 'ਮੈਨ ਆਫ ਦਿ ਮੈਚ' ਸੈਣੀ ਨੇ ਇਸ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 28 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਠਾਕੁਰ ਨੇ 19 ਦੌੜਾਂ 'ਤੇ 2 ਵਿਕਟਾਂ, ਸੁੰਦਰ ਨੇ 37 ਦੌੜਾਂ 'ਤੇ 2 ਵਿਕਟਾਂ ਤੇ ਬੁਮਰਾਹ ਨੇ 2 ਓਵਰਾਂ ਵਿਚ ਸਿਰਫ 5 ਦੌੜਾਂ ਦੇ ਕੇ ਇਕ ਹਾਸਲ ਕੀਤੀ। ਠਾਕੁਰ ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ 'ਮੈਨ ਆਫ ਦਿ ਮੈਚ' ਬਣਿਆ ਜਦਕਿ ਦੋ ਮੈਚਾਂ ਵਿਚ ਕੁਲ 5 ਵਿਕਟਾਂ ਲੈਣ ਵਾਲੇ ਸੈਣੀ ਨੂੰ 'ਮੈਨ ਆਫ ਦਿ ਸੀਰੀਜ਼' ਦਾ ਐਵਾਰਡ ਮਿਲਿਆ।


Related News