IND-W vs SA-W : ਸ਼ੈਫਾਲੀ ਨੇ ਰਚਿਆ ਇਤਿਹਾਸ, ਭਾਰਤ ਲਈ ਡਬਲ ਸੈਂਚੁਰੀ ਲਗਾਉਣ ਵਾਲੀ ਬਣੀ ਦੂਜੀ ਬੱਲੇਬਾਜ਼

Friday, Jun 28, 2024 - 05:01 PM (IST)

IND-W vs SA-W : ਸ਼ੈਫਾਲੀ ਨੇ ਰਚਿਆ ਇਤਿਹਾਸ, ਭਾਰਤ ਲਈ ਡਬਲ ਸੈਂਚੁਰੀ ਲਗਾਉਣ ਵਾਲੀ ਬਣੀ ਦੂਜੀ ਬੱਲੇਬਾਜ਼

ਚੇਨਈ- ਭਾਰਤ ਦੀ ਹਮਲਾਵਰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਸ਼ੁੱਕਰਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਇਕਮਾਤਰ ਟੈਸਟ ਦੌਰਾਨ ਆਸਟ੍ਰੇਲੀਆ ਦੀ ਐਨਾਬੈਲ ਸਦਰਲੈਂਡ ਨੂੰ ਪਛਾੜ ਕੇ ਮਹਿਲਾ ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਵਾਲੀ ਖਿਡਾਰਨ ਬਣ ਗਈ ਹੈ। 
20 ਸਾਲਾ ਸ਼ੈਫਾਲੀ ਨੇ ਸਿਰਫ 194 ਗੇਂਦਾਂ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕਰਕੇ ਸਦਰਲੈਂਡ ਨੂੰ ਪਿੱਛੇ ਛੱਡ ਦਿੱਤਾ। ਆਸਟ੍ਰੇਲੀਆਈ ਖਿਡਾਰੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਦੱਖਣੀ ਅਫਰੀਕਾ ਖਿਲਾਫ 248 ਗੇਂਦਾਂ 'ਚ ਦੋਹਰਾ ਸੈਂਕੜਾ ਲਗਾਇਆ ਸੀ।

ਸ਼ੈਫਾਲੀ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਤੋਂ ਬਾਅਦ ਲਗਭਗ 22 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਭਾਰਤੀ ਬਣ ਗਈ ਹੈ। ਮਿਤਾਲੀ ਨੇ ਅਗਸਤ 2002 ਵਿੱਚ ਟਾਨਟਨ ਵਿੱਚ ਇੰਗਲੈਂਡ ਖ਼ਿਲਾਫ਼ ਡਰਾਅ ਹੋਏ ਦੂਜੇ ਟੈਸਟ ਦੌਰਾਨ 407 ਗੇਂਦਾਂ ਵਿੱਚ 214 ਦੌੜਾਂ ਬਣਾਈਆਂ ਸਨ। ਸ਼ੈਫਾਲੀ ਨੇ ਆਪਣੀ ਹਮਲਾਵਰ ਪਾਰੀ 'ਚ 23 ਚੌਕੇ ਅਤੇ 8 ਛੱਕੇ ਲਗਾਏ। ਉਨ੍ਹਾਂ ਨੇ ਡੇਲਮੀ ਟਕਰ ਦੇ ਖਿਲਾਫ ਲਗਾਤਾਰ ਦੋ ਛੱਕੇ ਲਗਾਉਣ ਤੋਂ ਬਾਅਦ ਇੱਕ ਦੌੜ ਚੋਰੀ ਕਰਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਉਹ 197 ਗੇਂਦਾਂ ਵਿੱਚ 205 ਦੌੜਾਂ ਬਣਾ ਕੇ ਰਨ ਆਊਟ ਹੋ ਗਈ।

ਸ਼ੈਫਾਲੀ ਨੂੰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਚੰਗਾ ਸਾਥ ਮਿਲਿਆ, ਜਿਸ ਨੇ 161 ਗੇਂਦਾਂ 'ਤੇ 27 ਚੌਕੇ ਅਤੇ ਇਕ ਛੱਕਾ ਲਗਾਇਆ। ਦੋਵਾਂ ਨੇ ਪਹਿਲੀ ਵਿਕਟ ਲਈ 312 ਗੇਂਦਾਂ ਵਿੱਚ 292 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਰਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ।
 


author

Aarti dhillon

Content Editor

Related News