india vs oman: ਸੁਪਰ 4 ਤੋਂ ਪਹਿਲਾਂ ਆਪਣੇ ਬੱਲੇਬਾਜ਼ਾਂ ਨੂੰ ਇੱਕ ਮੌਕਾ ਦੇਣਾ ਚਾਹੇਗਾ ਭਾਰਤ
Friday, Sep 19, 2025 - 03:06 PM (IST)

ਦੁਬਈ (ਭਾਸ਼ਾ)- ਪਹਿਲੇ 2 ਮੈਚਾਂ ’ਚ ਛੋਟੇ ਟੀਚੇ ਆਸਾਨੀ ਨਾਲ ਹਾਸਲ ਕਰਨ ਵਾਲੀ ਸੂਰਿਯਾਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਸ਼ੁੱਕਰਵਾਰ ਨੂੰ ਅਬੂਧਾਬੀ ’ਚ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਲੀਗ ਮੈਚ ’ਚ ਓਮਾਨ ਖਿਲਾਫ ਪਹਿਲਾਂ ਬੱਲੇਬਾਜ਼ੀ ਅਤੇ 20 ਓਵਰਾਂ ਦਾ ਪੂਰਾ ਇਸਤੇਮਾਲ ਕਰਨਾ ਪਸੰਦ ਕਰੇਗੀ।
ਭਾਰਤੀ ਟੀਮ ਸੁਪਰ 4 ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ। ਐਤਵਾਰ ਮੁੱਖ ਵਿਰੋਧੀ ਪਾਕਿਸਤਾਨ ਖਿਲਾਫ ਹੋਣ ਵਾਲੇ ਮਹੱਤਵਪੂਰਨ ਮੈਚ ਨਾਲ ਇਸ ਤੋਂ ਪਹਿਲਾਂ ਓਮਾਨ ਖਿਲਾਫ ਬੱਲੇਬਾਜ਼ਾਂ ਨੂੰ ਮੌਕਾ ਦੇਣ ਦਾ ਇਹ ਸੁਨਹਿਰੀ ਅਵਸਰ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਪਾਕਿਸਤਾਨ ਖਿਲਾਫ ਛੋਟੇ ਟੀਚੇ ਨੂੰ ਆਸਾਨੀ ਨਾਲ ਹਾਸਲ ਕੀਤਾ ਸੀ। ਅਭਿਸ਼ੇਕ ਸ਼ਰਮਾ ਨੇ ਉਮੀਦ ਮੁਤਾਬਕ ਤੇਜ਼ ਸ਼ੁਰੂਆਤ ਕੀਤੀ ਪਰ ਸ਼ੁਭਮਨ ਗਿੱਲ ਨੂੰ ਕ੍ਰੀਜ਼ ’ਤੇ ਕੁਝ ਸਮਾਂ ਬਿਤਾਉਣ ਦੀ ਜ਼ਰੂਰਤ ਹੈ। ਕਪਤਾਨ ਸੂਰਿਯਾਕੁਮਾਰ ਨੇ ਪਾਕਿਸਤਾਨ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਉਹ ਚਾਹੇਗਾ ਕਿ ਤਿਲਕ ਵਰਮਾ ਨੂੰ ਬੱਲੇਬਾਜ਼ੀ ਕਰਨ ਦਾ ਕੁਝ ਹੋਰ ਸਮਾਂ ਮਿਲੇ।
ਭਾਰਤ ਜੇਕਰ ਫਾਈਨਲ ’ਚ ਪਹੁੰਚਦਾ ਹੈ ਤਾਂ ਉਸ ਨੂੰ 7 ਦਿਨਾਂ ਦੇ ਅੰਦਰ 4 ਮੈਚ ਖੇਡਣੇ ਹੋਣਗੇ। ਇਸ ਨੂੰ ਦੇਖਦੇ ਹੋਏ ਟੀਮ ਮੈਨੇਜਮੈਂਟ ਹਾਰਦਿਕ ਪੰਡਯਾ, ਸੰਜੂ ਸੈਮਸਨ, ਸ਼ਿਵਮ ਦੁਬੇ ਅਤੇ ਅਕਸ਼ਰ ਪਟੇਲ ਨੂੰ ਵੀ ਬੱਲੇਬਾਜ਼ੀ ਦਾ ਕੁਝ ਸਮਾਂ ਦੇਣਾ ਚਾਹੇਗੀ। ਭਾਰਤੀ ਗੇਂਦਬਾਜ਼ੀ ਇੰਨੀ ਮਜ਼ਬੂਤ ਹੈ ਕਿ ਜੇਕਰ ਓਮਾਨ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਮੈਚ ਜਲਦੀ ਖਤਮ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਜਤਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕੇਗੀ, ਇਸ ਦੀ ਸੰਭਾਵਨਾ ਕਾਫੀ ਘੱਟ ਨਜ਼ਰ ਆ ਰਹੀ ਹੈ।
ਪਾਕਿਸਤਾਨ ਅਤੇ ਯੂ. ਏ. ਈ. ਖਿਲਾਫ ਓਮਾਨ ਦੇ 2 ਮੈਚਾਂ ਵਿਚ ਉਸ ਦੀ ਬੱਲੇਬਾਜ਼ੀ ਸਪੱਸ਼ਟ ਤੌਰ ’ਤੇ ਸਰਵਸ਼੍ਰੇਸ਼ਟ ਨਹੀਂ ਸੀ। ਉਸ ਦੀ ਹਾਲਤ ਇਸ ਤਰ੍ਹਾਂ ਹੈ ਕਿ 2 ਮੈਚਾਂ ’ਚ ਇਕ ਵੀ ਬੱਲੇਬਾਜ਼ 30 ਦਾ ਵਿਅਕਤੀਗਤ ਸਕੋਰ ਪਾਰ ਨਹੀਂ ਕਰ ਸਕਿਆ। ਹੰਮਾਦ ਮਿਰਜ਼ਾ ਨੇ ਪਾਕਿਸਤਾਨ ਖਿਲਾਫ 27 ਦੌੜਾਂ, ਜਦਕਿ ਆਰਿਅਨ ਬਿਸ਼ਟ ਨੇ ਯੂ. ਏ. ਈ. ਖਿਲਾਫ 32 ਗੇਂਦਾਂ ’ਤੇ 24 ਦੌੜਾਂ ਬਣਾਈਅਾਂ ਜੋ ਇਨ੍ਹਾਂ ਮੈਚਾਂ ’ਚ ਉਸ ਵਲੋਂ ਸਰਵਸ਼੍ਰੇਸ਼ਠ ਸਕੋਰ ਬਣਾਉਣ ਵਾਲਾ ਬੱਲੇਬਾਜ਼ ਰਿਹਾ।
ਭਾਰਤ ਦਾ ਮੁੱਖ ਕੋਚ ਗੌਤਮ ਗੰਭੀਰ ਆਪਣੀ ਟੀਮ ਨਾਲ ਜ਼ਿਆਦਾ ਪ੍ਰਯੋਗ ਨਹੀਂ ਕਰਨੇ ਚਾਹੇਗਾ, ਸਿਵਾਏ ਇਸ ਦੇ ਕਿ ਉਹ ਸੁਪਰ 4 ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੂੰ ਥੋੜਾ ਆਰਾਮ ਦੇ ਸਕਦਾ ਹੈ। ਪਾਕਿਸਤਾਨ ਖਿਲਾਫ ਮੈਚ ’ਚ 4 ਓਵਰ ਗੇਂਦਬਾਜ਼ੀ ਕਰਨੀ ਅਤੇ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਬੁਮਰਾਹ ਖੁਦ ਵੀ ਸ਼ਾਇਦ ਬ੍ਰੇਕ ਨਹੀਂ ਚਾਹੁੰਦਾ ਹੋਵੇਗਾ ਪਰ ਜਦੋਂ ਗੱਲ ਤੁਹਾਡੇ ਸਰਵਸ਼੍ਰੇਸ਼ਠ ਤੇਜ਼ ਗੇਂਦਬਾਜ਼ ਦੀ ਹੋਵੇ ਤਾਂ ਫਿਰ ਵਾਧੂ ਸਾਵਧਾਨੀ ਬਰਤਨ ਦੀ ਲੋੜ ਪੈਂਦੀ ਹੈ। ਇਸ ਨਾਲ ਟੀਮ ਨੂੰ ਅਰਸ਼ਦੀਪ ਸਿੰਘ ਨੂੰ ਪਰਖਣ ਦਾ ਮੌਕਾ ਮਿਲੇਗਾ।
ਟੀਮ ਮੈਨੇਜਮੈਂਟ ਇਸ ਮੈਚ ’ਚ ਵਰੁਣ ਅਤੇ ਕੁਲਦੀਪ ’ਚੋਂ ਕਿਸੇ ਇਕ ਨੂੰ ਆਰਾਮ ਦੇ ਕੇ ਹਰਸ਼ਿਤ ਰਾਣਾ ਨੂੰ ਵੀ ਮੌਕਾ ਦੇ ਸਕਦਾ ਹੈ। ਇਸ ਮੈਚ ’ਚ ਸੂਰਿਯਾਕੁਮਾਰ ਆਪਣੇ ਬੱਲੇਬਾਜ਼ੀ ਕ੍ਰਮ ’ਚ ਥੋੜਾ ਬਦਲਾਅ ਕਰ ਸਕਦਾ ਹੈ। ਭਾਰਤ ਲਈ ਇਕੋ-ਇਕ ਅਣਜਾਨ ਪਹਿਲੂ ਸ਼ੇਖ ਜਾਯੇਦ ਸਟੇਡੀਅਮ ਦੀ ਵਿਕਟ ਹੋਵੇਗੀ, ਜਿੱਥੇ ਉਹ ਇਸ ਟੂਰਨਾਮੈਂਟ ਦਾ ਆਪਣਾ ਇਕੋ-ਇਕ ਮੈਚ ਖੇਡੇਗਾ। ਅਸਲ ’ਚ ਭਾਰਤੀ ਟੀਮ ਅਭਿਆਸ ਲਈ ਵੀ ਅਬੁਧਾਬੀ ਨਹੀਂ ਜਾ ਰਹੀ ਹੈ ਕਿਉਂਕਿ ਉੱਥੇ ਪਹੁੰਚਣ ’ਚ ਬੱਸ ਨੂੰ 2 ਘੰਟੇ ਲੱਗਦੇ ਹਨ। ਓਮਾਨ ਲਈ ਇਹ ਵੱਡਾ ਮੈਚ ਹੋਵੇਗਾ ਅਤੇ ਉਸ ਦੇ ਖਿਡਾਰੀ ਇਸ ਵਿਚ ਆਪਣੀ ਛਾਪ ਛੱਡਣ ਲਈ ਬੇਤਾਬ ਹੋਣਗੇ।
ਟੀਮ ਇਸ ਤਰ੍ਹਾਂ ਹੈ : ਭਾਰਤ - ਸੂਰਿਯਾਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੁਬੇ, ਜਿਤੇਸ਼ ਸ਼ਰਮਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਸੰਜੂ ਸੈਮਸਨ, ਹਰਸ਼ਿਤ ਰਾਣਾ, ਰਿੰਕੂ ਸਿੰਘ।