3 ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਵਨਡੇ ਅੱਜ; ਫੈਸਲਾਕੁੰਨ ਜੰਗ ’ਚ ਭਿੜਨਗੇ ਭਾਰਤ ਤੇ ਇੰਗਲੈਂਡ

Sunday, Mar 28, 2021 - 11:04 AM (IST)

3 ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਵਨਡੇ ਅੱਜ; ਫੈਸਲਾਕੁੰਨ ਜੰਗ ’ਚ ਭਿੜਨਗੇ ਭਾਰਤ ਤੇ ਇੰਗਲੈਂਡ

ਪੁਣੇ (ਯੂ. ਐੱਨ. ਆਈ.)– ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਇਕ-ਇਕ ਮੈਚ ਜਿੱਤ ਕੇ ਬਰਾਬਰੀ ’ਤੇ ਆ ਚੁੱਕੀਆਂ ਹਨ। ਹੁਣ ਦੋਵਾਂ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ ਮੈਚ ਵਿਚ ਸੀਰੀਜ਼ ਦਾ ਫੈਸਲਾ ਹੋਣਾ ਹੈ।

ਭਾਰਤ ਨੇ ਦੂਜੇ ਮੁਕਾਬਲੇ ਵਿਚ 50 ਓਵਰਾਂ ਵਿਚ 336 ਦੌੜਾਂ ਦਾ ਬੇਹੱਦ ਮਜ਼ਬੂਤ ਸਕੋਰ ਬਣਾਇਆ ਸੀ ਪਰ ਇੰਗਲੈਂਡ ਦੇ ਚੋਟੀਕ੍ਰਮ ਨੇ ਇਸ ਵੱਡੇ ਸਕੋਰ ਨੂੰ ਵੀ ਬੌਣਾ ਸਾਬਤ ਕਰ ਦਿੱਤਾ। ਜਾਨੀ ਬੇਅਰਸਟੋ ਤੇ ਆਲਰਾਊਂਡਰ ਬੇਨ ਸਟੋਕਸ ਨੇ ਕਮਾਲ ਦੀ ਬੱਲੇਬਾਜ਼ੀ ਕਰਦੇ ਹੋਏ ਦੂਜੀ ਵਿਕਟ ਲਈ 114 ਗੇਂਦਾਂ ਵਿਚ 175 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਮੈਚ ਦਾ ਪਾਸਾ ਇੰਗਲੈਂਡ ਦੇ ਪੱਖ ਵਿਚ ਮੋੜ ਦਿੱਤਾ। ਇੰਗਲੈਂਡ ਦੀ ਪਾਰੀ ਵਿਚ ਕੁਲ 20 ਛੱਕੇ ਲੱਗੇ ਜਦਕਿ ਬੇਅਰਸਟੋ ਤੇ ਸਟੋਕਸ ਨੇ ਇਸ ਦੌਰਾਨ ਪੰਜ ਓਵਰਾਂ ਵਿਚ 87 ਦੌੜਾਂ ਬਣਾ ਦਿੱਤੀਆਂ। ਸਟੋਕਸ ਆਪਣੀ ਪਾਰੀ ਦੌਰਾਨ 50 ਤੋਂ 95 ਦੌੜਾਂ ਤਕ ਸਿਰਫ਼ 10 ਗੇਂਦਾਂ ’ਤੇ ਪਹੁੰਚ ਗਿਆ। ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਵਿਚ ਸਫਲਤਾ ਦਾ ਪਿੱਛਾ ਕਰਦੇ ਹੋਏ ਤੀਜਾ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ ਜਦਕਿ 39 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ।

ਇੰਗਲੈਂਡ ਨੇ ਪਹਿਲੇ ਵਨ ਡੇ ਵਿਚ 317 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ ਸੀ ਪਰ ਵਿਚਾਲੇ ਦੇ ਓਵਰਾਂ ਵਿਚ ਉਸਦੀ ਪਾਰੀ ਲੜਖੜਾ ਗਈ ਸੀ ਤੇ ਭਾਰਤ ਨੇ ਫਿਰ ਪਹਿਲਾ ਵਨ ਡੇ 66 ਦੌੜਾਂ ਨਾਲ ਜਿੱਤ ਲਿਆ ਸੀ। ਇੰਗਲੈਂਡ ਨੇ ਦੂਜੇ ਵਨ ਡੇ ਵਿਚ ਅਜਿਹੀ ਨੌਬਤ ਨਹੀਂ ਆਉਣ ਦਿੱਤੀ। ਇੰਗਲੈਂਡ ਵਲੋਂ ਸਟੋਕਸ ਨੇ ਆਪਣੀ 99 ਦੌੜਾਂ ਦੀ ਪਾਰੀ ਵਿਚ 10 ਛੱਕੇ ਲਾਏ ਜਦਕਿ 124 ਦੌੜਾਂ ਬਣਾ ਕੇ ‘ਮੈਨ ਆਫ ਦਿ ਮੈਚ’ ਬਣੇ ਬੇਅਰਸਟੋ ਨੇ 112 ਗੇਂਦਾਂ ਵਿਚ 7 ਛੱਕੇ ਲਾਏ। ਲਿਆਮ ਲਿਵਿੰਗਸਟੋਨ ਨੇ 21 ਗੇਂਦਾਂ ’ਤੇ ਅਜੇਤੂ 27 ਦੌੜਾਂ ਵਿਚ ਦੋ ਛੱਕੇ ਤੇ ਓਪਨਰ ਜੈਸਨ ਰਾਏ ਨੇ 52 ਗੇਂਦਾਂ ’ਤੇ 55 ਦੌੜਾਂ ਵਿਚ ਇਕ ਛੱਕਾ ਲਾਇਆ।

ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੇ 10 ਓਵਰਾਂ ਵਿਚ 84 ਦੌੜਾਂ ਬਣੀਆਂ ਜਦਕਿ ਲੈਫਟ ਆਰਮ ਸਪਿਨਰ ਕਰੁਣਾਲ ਪੰਡਯਾ ਦੇ 6 ਓਵਰਾਂ ਵਿਚ 72 ਦੌੜਾਂ ਬਣੀਆਂ। ਇਸ ਤੋਂ ਪਹਿਲਾਂ ਭਾਰਤ ਦੀ ਪਾਰੀ ਵਿਚ ਲੋਕੇਸ਼ ਰਾਹੁਲ ਨੇ 114 ਗੇਂਦਾਂ ’ਤੇ 108 ਦੌੜਾਂ, ਕਪਤਾਨ ਵਿਰਾਟ ਕੋਹਲੀ ਨੇ 79 ਗੇਂਦਾਂ ’ਤੇ 66 ਤੇ ਰਿਸ਼ਭ ਪੰਤ ਨੇ 40 ਗੇਂਦਾਂ ’ਤੇ 77 ਦੌੜਾਂ ਬਣਾਈਆਂ। ਆਲਰਾਊਂਡਰ ਹਾਰਦਿਕ ਪੰਡਯਾ ਨੇ 16 ਗੇਂਦਾਂ ’ਤੇ 35 ਦੌੜਾਂ ਬਣਾਈਆਂ। ਪੰਤ ਨੇ 7 ਛੱਕੇ ਤੇ ਪੰਡਯਾ ਨੇ 4 ਛੱਕੇ ਲਾਏ।

ਭਾਰਤ ਦੀ ਪਾਰੀ ਵਿਚ ਕੁਲ 14 ਛੱਕੇ ਲੱਗੇ। ਦੂਜੇ ਵਨ ਡੇ ਤੋਂ ਬਾਅਦ ਅੰਦਾਜ਼ਾ ਲਾਇਅਾ ਜਾ ਸਕਦਾ ਹੈ ਕਿ ਐਤਵਾਰ ਨੂੰ ਹੋਣ ਵਾਲਾ ਤੀਜਾ ਵਨ ਡੇ ਕੀ ਰੁਖ ਅਖਿਤਆਰ ਕਰੇਗਾ। ਭਾਰਤ ਨੂੰ ਜੇਕਰ ਇਹ ਸੀਰੀਜ਼ ਜਿੱਤਣੀ ਹੈ ਤਾਂ ਉਸ ਨੂੰ ਆਪਣੀ ਗੇਂਦਬਾਜ਼ੀ ਵਿਚ ਕਾਫੀ ਸੁਧਾਰ ਕਰਨਾ ਪਵੇਗਾ। ਨਵੇਂ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੇ ਪਹਿਲੇ ਮੈਚ ਵਿਚ 4 ਵਿਕਟਾਂ ਲੈਣ ਤੋਂ ਬਾਅਦ ਦੂਜੇ ਮੈਚ ਵਿਚ 58 ਦੌੜਾਂ ’ਤੇ ਦੋ ਵਿਕਟਾਂ ਲਈਆਂ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਮੰਨਿਆ ਸੀ ਕਿ ਇਹ ਜ਼ਬਰਦਸਤ ਹਿਟਿੰਗ ਸੀ। ਵਿਰਾਟ ਨੇ ਕਿਹਾ ਸੀ, ‘‘ਇਸ ਸਟ੍ਰਾਈਕ ਰੇਟ ਦੇ ਨਾਲ ਕਿਸੇ ਨੂੰ ਖੇਡਦੇ ਦੇਖਣਾ ਇਕ ਵੱਖਰਾ ਤਜਰਬਾ ਸੀ। ਅਸੀਂ ਨਵੀਂ ਗੇਂਦ ਦੇ ਨਾਲ ਚੰਗੀ ਸ਼ੁਰੂਆਤ ਕੀਤੀ ਸੀ ਪਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਵਿਕਟ ’ਤੇ ਟਿਕੇ ਰਹਿਣ ਦਾ ਰਸਤਾ ਲੱਭ ਲਿਆ ਤੇ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕਰ ਦਿੱਤੀਆਂ। ਸਾਨੂੰ ਬੇਅਰਸਟੋ ਤੇ ਸਟੋਕਸ ਦੀ ਸਾਂਝੇਦਾਰੀ ਦੌਰਾਨ ਵਿਕਟ ਲੈਣ ਦਾ ਇਕ ਵੀ ਮੌਕਾ ਨਹੀਂ ਮਿਲਿਆ।’’

ਇੰਗਲੈਂਡ ਦਾ ਕਪਤਾਨ ਜੋਸ ਬਟਲਰ ਹਾਲਾਂਕਿ ਇਸ ਮੈਚ ਵਿਚ ਜ਼ੀਰੋ ’ਤੇ ਆਊਟ ਹੋਇਆ ਪਰ ਬਰਾਬਰੀ ਹਾਸਲ ਕਰਨ ਵਾਲੀ ਜਿੱਤ ਤੋਂ ਉਹ ਕਾਫੀ ਖੁਸ਼ ਨਜ਼ਰ ਆਇਆ। ਬਟਲਰ ਨੇ ਨਾਲ ਹੀ ਕਿਹਾ,‘‘ਸਾਡੀ ਗੇਂਦਬਾਜ਼ੀ ਕਾਫੀ ਚੰਗੀ ਰਹੀ, ਜਿਸ ਨਾਲ ਅਸੀਂ ਭਾਰਤ ਨੂੰ 336 ਦੌੜਾਂ ’ਤੇ ਰੋਕ ਦਿੱਤਾ। ਰਿਸ਼ਭ ਪੰਤ ਕਾਫੀ ਖਤਰਨਾਕ ਖੇਡ ਰਿਹਾ ਸੀ ਤੇ ਉਸਦੀ ਵਿਕਟ ਕੱਢਣਾ ਸਾਡੇ ਲਈ ਮਹੱਤਵਪੂਰਣ ਸਾਬਤ ਹੋਇਆ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਜਾਨੀ ਨੇ ਸੈਂਕੜਾ ਪੂਰਾ ਕੀਤਾ ਤੇ ਉਸਦੀ ਸਟੋਕਸ ਦੇ ਨਾਲ ਸਾਂਝੇਦਾਰੀ ਨੂੰ ਦੇਖਣਾ ਇਕ ਰੋਮਾਂਚਕ ਤਜਰਬਾ ਸੀ। ਅਸੀਂ ਪੁਣੇ ਵਿਚ ਚੰਗੀ ਵਿਕਟ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਰਹੇਗਾ।

ਟੀਮਾਂ ਇਸ ਤਰ੍ਹਾਂ ਹਨ
ਭਾਰਤ-
ਰੋਹਿਤ ਸ਼ਰਮਾ, ਸ਼ਿਖ਼ਰ ਧਵਨ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਲੋਕੇਸ਼ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ ਅਤੇ ਪ੍ਰਸਿੱਧ ਕ੍ਰਿਸ਼ਣਾ।

ਇੰਗਲੈਂਡ- ਜੈਸਨ ਰਾਏ, ਜਾਨੀ ਬੇਅਰਸਟੋ, ਬੇਨ ਸਟੋਕਸ, ਇਓਨ ਮੋਰਗਨ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸੈਮ ਬਿÇਲੰਗਸ, ਮੋਇਨ ਅਲੀ, ਸੇਮ ਕਿਊਰੇਨ, ਟਾਮ ਕਿਊਰੇਨ, ਆਦਿਲ ਰਾਸ਼ਿਤ ਅਤੇ ਮਾਰਕਵੱਡ, ਰੀਸ ਟਾਪਲੇ।

ਮੈਚ ਦਾ ਸਮਾਂ- ਦੁਪਿਹਰ 1:30 ਵਜੇ।
 


author

cherry

Content Editor

Related News