IND vs ENG : ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ
Thursday, Mar 18, 2021 - 11:15 PM (IST)
ਅਹਿਮਦਾਬਾਦ- ਸੂਰਯਕੁਮਾਰ ਯਾਦਵ ਦੀਆਂ 57 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ ਚੌਥੇ ਟੀ-20 ਮੈਚ ਮੁਕਾਬਲੇ 'ਚ ਵੀਰਵਾਰ ਨੂੰ 8 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-2 ਨਾਲ ਬਰਾਬਰੀ ਹਾਸਲ ਕਰ ਲਈ। ਭਾਰਤ ਨੇ 20 ਓਵਰਾਂ 'ਚ 8 ਵਿਕਟਾਂ 'ਤੇ 185 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦਕਿ ਇੰਗਲੈਂਡ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 177 ਦੌੜਾਂ ਹੀ ਬਣਾ ਸਕੀ। ਜਾਨੀ ਬੇਅਰਸਟੋ ਨੇ 25 ਤੇ ਜੋਫ੍ਰਾ ਆਰਚਰ ਨੇ ਅਜੇਤੂ 18 ਦੌੜਾਂ ਬਣਾਈਆਂ। ਸੂਰਯਕੁਮਾਰ ਨੂੰ ਉਸ ਦੀ ਸ਼ਾਨਦਾਰ ਪਾਰੀ ਦੇ ਲਈ 'ਮੈਨ ਆਫ ਦਿ ਮੈਚ' ਨਾਲ ਸਨਮਾਨਿਤ ਕੀਤਾ ਗਿਆ। ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ 'ਚ ਖੇਡਿਆ ਜਾਵੇਗਾ।
ਇਸ਼ਾਨ ਕਿਸ਼ਨ ਦੇ ਜ਼ਖ਼ਮੀ ਹੋਣ ਨਾਲ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਸੂਰਯਕੁਮਾਰ ਯਾਦਵ ਨੇ ਵਿਵਾਦਪੂਰਣ ਤਰੀਕੇ ਨਾਲ ਆਊਟ ਦਿੱਤੇ ਜਾਣ ਤੋਂ ਪਹਿਲਾਂ 31 ਗੇਂਦਾਂ ’ਤੇ 57 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 6 ਚੌਕੇ ਤੇ 3 ਛੱਕੇ ਸ਼ਾਮਲ ਹਨ। ਉਸ ਤੋਂ ਇਲਾਵਾ ਸ਼੍ਰੇਅਸ ਅਈਅਰ (18 ਗੇਂਦਾਂ ’ਤੇ 37 ਦੌੜਾਂ, ਪੰਜ ਚੌਕੇ ਤੇ ਇਕ ਛੱਕਾ) ਤੇ ਰਿਸ਼ਭ ਪੰਤ (23 ਗੇਂਦਾਂ ’ਤੇ 30 ਦੌੜਾਂ, ਚਾਰ ਚੌਕੇ) ਨੇ ਉਪਯੋਗੀ ਯੋਗਦਾਨ ਦਿੱਤਾ। ਇੰਗਲੈਂਡ ਵਲੋਂ ਆਰਚਰ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ‘ਹਿਟਮੈਨ’ ਰੋਹਿਤ ਨੇ ਆਦਿਲ ਰਾਸ਼ਿਦ ਦੀ ਮੈਚ ਦੀ ਪਹਿਲੀ ਗੇਂਦ ’ਤੇ ਛੱਕਾ ਲਾਇਆ। ਹਾਲਾਂਕਿ ਉਸ ਦੀ ਪਾਰੀ ਲੰਬੀ ਨਹੀਂ ਚੱਲ ਸਕੀ ਤੇ ਉਹ ਆਰਚਰ ਦੀ ਹੌਲੀ ਗੇਂਦ ’ਤੇ ਲੈੱਗ ਕਟਰ ’ਤੇ ਉਸ ਨੂੰ ਹੀ ਕੈਚ ਦੇ ਬੈਠਾ। ਉਸ ਦੀ ਜਗ੍ਹਾ ਲੈਣ ਲਈ ਉਤਰੇ ਸੂਰਯਕੁਮਾਰ ਨੇ ਕੌਮਾਂਤਰੀ ਕ੍ਰਿਕਟ ਵਿਚ ਆਪਣੀ ਪਹਿਲੀ ਗੇਂਦ ’ਤੇ ਹੀ ਛੱਕਾ ਲਾਇਆ। ਉਸ ਨੇ ਇਸ ਤੋਂ ਬਾਅਦ ਵੀ ਬੇਪ੍ਰਵਾਹ ਹੋ ਕੇ ਬੱਲੇਬਾਜ਼ੀ ਕੀਤੀ ਤੇ ਲੈੱਗ ਸਪਿਨਰ ਰਾਸ਼ਿਦ ’ਤੇ ਵੀ ਛੱਕਾ ਲਾਇਆ ਪਰ ਦੂਜੇ ਪਾਸੇ ਤੋਂ ਕੇ. ਐੱਲ. ਰਾਹੁਲ (17 ਗੇਂਦਾਂ ’ਤੇ 14 ਦੌੜਾਂ) ਤੇ ਕਪਤਾਨ ਵਿਰਾਟ ਕੋਹਲੀ (1) ਦੇ ਲਗਾਤਾਰ ਓਵਰਾਂ ਵਿਚ ਆਊਟ ਹੋਣ ਨਾਲ ਭਾਰਤ ਦਾ ਸਕੋਰ 3 ਵਿਕਟਾਂ ’ਤੇ 70 ਦੌੜਾਂ ਹੋ ਗਿਆ। ਰਾਹੁਲ ਲਗਾਤਾਰ ਚੌਥੇ ਮੈਚ ਵਿਚ ਅਸਫਲ ਰਿਹਾ। ਉਹ ਬੇਨ ਸਟੋਕਸ ਦੀ ਹੌਲੀ ਗੇਂਦ ਨੂੰ ਸਮਝ ਨਹੀਂ ਸਕਿਆ ਤੇ ਮਿਡ ਆਫ ’ਤੇ ਆਸਾਨ ਕੈਚ ਦੇ ਬੈਠਾ। ਕੋਹਲੀ ਨੂੰ ਰਾਸ਼ਿਦ ਨੇ ਗੁਗਲੀ ’ਚ ਉਲਝਾ ਲਿਆ ਤੇ ਜੋਸ ਬਟਲਰ ਨੇ ਉਸ ਨੂੰ ਆਸਾਨੀ ਨਾਲ ਸਟੰਪ ਆਊਟ ਕੀਤਾ।
ਸੂਰਯਕੁਮਾਰ ਨੇ ਦੂਜੇ ਪਾਸੇ ਤੋਂ ਲੈਅ ਬਣਾਈ ਰੱਖੀ। ਉਸ ਨੇ ਰਾਸ਼ਿਦ ਦੀ ਗੇਂਦ ਪੁਆਇੰਟ ਖੇਤਰ ਵਿਚ ਚਾਰ ਦੌੜਾਂ ਲਈ ਭੇਜ ਕੇ ਸਿਰਫ 28 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ। ਉਹ ਟੀ-20 ਕੌਮਾਂਤਰੀ ਵਿਚ ਆਪਣੀ ਪਹਿਲੀ ਪਾਰੀ ਵਿਚ ਅਰਧ ਸੈਂਕੜਾ ਲਾਉਣ ਵਾਲਾ ਪੰਜਵਾਂ ਭਾਰਤੀ ਬੱਲੇਬਾਜ਼ ਬਣ ਗਿਆ। ਇਸ ਤੋਂ ਬਾਅਦ ਪੰਤ ਨੇ ਸਟੋਕਸ ’ਤੇ ਦੋ ਚੌਕੇ ਲਾ ਕੇ 13ਵੇਂ ਓਵਰ ਵਿਚ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਸੂਰਯਕੁਮਾਰ ਦਾ ਸੈਮ ਕਿਊਰੇਨ ’ਤੇ ਫਾਈਨ ਲੈੱਗ ’ਤੇ ਲਾਇਆ ਗਿਆ ਛੱਕਾ ਉਸਦੇ ਆਤਮਵਿਸ਼ਵਾਸ ਦਾ ਪ੍ਰਤੀਕ ਸੀ ਪਰ ਉਸ ਨੂੰ ਵਿਵਾਦਪੂਰਣ ਤਰੀਕੇ ਨਾਲ ਆਊਟ ਦਿੱਤਾ ਗਿਆ। ਅਗਲੀ ਗੇਂਦ ’ਤੇ ਡੇਵਿਡ ਮਲਾਨ ਨੇ ਬਾਊਂਡਰੀ ’ਤੇ ਉਸਦਾ ਕੈਚ ਫੜਿਆ, ਜਿਸ ਵਿਚ ਰੀਪਲੇਅ ਵਿਚ ਸਾਫ ਲੱਗ ਰਿਹਾ ਸੀ ਕਿ ਗੇਂਦ ਨੇ ਜ਼ਮੀਨ ਨੂੰ ਛੂਹਿਆ ਹੈ ਪਰ ਕਈ ਕੋਣ ਤੋਂ ਰੀਪਲੇਅ ਦੇਖਣ ਤੋਂ ਬਾਅਦ ਤੀਜੇ ਅੰਪਾਇਰ ਨੇ ਮੈਦਾਨੀ ਅੰਪਾਇਰ ਦਾ ਆਊਟ ਦਾ ਫੈਸਲਾ ਬਣੇ ਰਹਿਣ ਦਿੱਤਾ।
ਆਰਚਰ ਨੇ ਪੰਤ ਨੂੰ ਗੁਡਲੈਂਥ ਗੇਂਦ ’ਤੇ ਬੋਲਡ ਕੀਤਾ ਪਰ ਅਈਅਰ ਸ਼ੁਰੂ ਤੋਂ ਹੀ ਹਮਲਾਵਰ ਮੂਡ ਵਿਚ ਦਿਸਿਆ। ਉਸ ਨੇ ਤੇ ਹਾਰਦਿਕ ਪੰਡਯਾ (11) ਨੇ ਕ੍ਰਿਸ ਜੌਰਡਨ ਦੇ 18ਵੇਂ ਓਵਰ ਵਿਚ ਛੱਕਾ ਲਾ ਕੇ 18 ਦੌੜਾਂ ਬਣਾਈਆਂ। ਇਹ ਦੋਵੇਂ ਹਾਲਾਂਕਿ ਤਿੰਨ ਗੇਂਦਾਂ ਦੇ ਅੰਦਰ ਆਊਟ ਹੋ ਗਏ, ਜਿਸ ਨਾਲ ਭਾਰਤ ਆਖਰੀ ਦੋ ਓਵਰਾਂ ਵਿਚ 18 ਦੌੜਾਂ ਹੀ ਜੋੜ ਸਕਿਆ। ਸ਼ਾਰਦੁਲ ਠਾਕੁਰ 10 ਦੌੜਾਂ ਬਣਾ ਕੇ ਅਜੇਤੂ ਰਿਹਾ।
ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ
ਇਹ ਖ਼ਬਰ ਪੜ੍ਹੋ- ਭਾਰਤ ਦੌਰੇ 'ਤੇ ਆ ਰਹੇ ਹਨ ਅਮਰੀਕਾ ਦੇ ਰੱਖਿਆ ਮੰਤਰੀ
ਟੀਮਾਂ ਇਸ ਤਰ੍ਹਾਂ ਹਨ-
ਭਾਰਤ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜੈਸਨ ਰਾਏ, ਨਵਦੀਪ ਚਾਹਲ, ਰਾਹੁਲ ਤਵੇਤੀਆ, ਇਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ)।
ਇੰਗਲੈਂਡ ਟੀਮ-
ਇਯੋਨ ਮੋਰਗਨ (ਕਪਤਾਨ), ਜੋਸ ਬਟਲਰ, ਜੈਸਨ ਰਾਏ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ,ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟਾਪਲੇ, ਕ੍ਰਿਸ ਜੌਰਡਨ, ਮਾਰਕ ਵੁਡ, ਸੈਮ ਕਿਊਰੇਨ ,ਸੈਮ ਬਿਲਿੰਗਸ, ਜਾਨੀ ਬੇਅਰਸਟੋ ਤੇ ਜੋਫ੍ਰਾ ਆਰਚਰ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।