ਜਿੱਤ ਦੇ ਰਸਤੇ ''ਤੇ ਪਰਤਨ ਦੇ ਟੀਚੇ ਨਾਲ ਉਤਰਨਗੇ ਭਾਰਤ ਅਤੇ ਆਸਟਰੇਲੀਆ
Tuesday, Jul 11, 2017 - 03:14 PM (IST)
ਬ੍ਰਿਸਟਲ— ਲਗਾਤਾਰ ਚਾਰ ਮੈਂਚਾਂ ਦੀ ਅਜੇਤੂ ਮੁਹਿੰਮ 'ਤੇ ਰੋਕ ਲੱਗਣ ਦੇ ਬਾਅਦ ਭਾਰਤ ਕੱਲ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਅਹਿਮ ਮੈਚ 'ਚ ਜਦੋਂ ਆਸਟਰੇਲੀਆ ਨਾਲ ਖੇਡੇਗਾ ਤਾਂ ਉਸ ਦੀਆਂ ਨਜ਼ਰਾਂ ਜਿੱਤ ਦੀ ਰਾਹ 'ਤੇ ਪਰਤਨ ਦੇ ਨਾਲ ਸੈਮੀਫਾਈਨਲ 'ਚ ਜਗ੍ਹਾ ਪੁਖਤਾ ਕਰਨ 'ਤੇ ਵੀ ਹੋਵੇਗੀ।
ਭਾਰਤ ਨੇ ਟੂਰਨਾਮੈਂਟ 'ਚ ਸ਼ਾਨਦਾਰ ਆਗਾਜ਼ ਕਰਦੇ ਹੋਏ ਇੰਗਲੈਂਡ, ਵੈਸਟਇੰਡੀਜ਼, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਹਰਾਇਆ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੇ ਉਸ ਦੀ ਜੇਤੂ ਮੁਹਿੰਮ 'ਤੇ ਰੋਕ ਲਗਾਉਂਦੇ ਹੋਏ ਭਾਰਤ ਨੂੰ 115 ਦੌੜਾਂ ਨਾਲ ਹਰਾਇਆ। ਇਸੇ ਤਰਾਂ ਆਸਟਰੇਲੀਆ ਦੇ ਚਾਰ ਮੈਚਾਂ ਦੀ ਜੇਤੂ ਮੁਹਿੰਮ 'ਤੇ ਵੀ ਪਿਛਲੇ ਮੈਚ 'ਚ ਇੰਗਲੈਂਡ ਨੇ ਰੋਕ ਲਗਾਈ ਅਤੇ ਹੁਣ ਉਸ ਦੀਆਂ ਨਜ਼ਰਾਂ ਵੀ ਆਪਣੀ ਮੁਹਿੰਮ ਨੂੰ ਸਹੀ ਦਿਸ਼ਾ 'ਚ ਲਿਆਉਣ 'ਤੇ ਹੋਵੇਗੀ। ਕੋਈ ਵੀ ਟੀਮ ਅਜੇ ਤੱਕ ਸੈਮੀਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ ਪਰ ਬਿਹਤਰ ਰਨ ਰੇਟ ਦੇ ਆਧਾਰ 'ਤੇ ਆਸਟਰੇਲੀਆ ਦੀ ਸਥਿਤੀ ਮਜ਼ਬੂਤ ਹੈ। ਆਸਟਰੇਲੀਆਈ ਟੀਮ ਇੰਗਲੈਂਡ ਤੋਂ ਸਿਰਫ 3 ਦੌੜਾਂ ਤੋਂ ਹਾਰੀ ਸੀ। ਜਦਕਿ ਭਾਰਤ ਨੂੰ ਦੱਖਣੀ ਅਫਰੀਕਾ ਨੇ ਵੱਡੇ ਫਰਕ ਨਾਲ ਹਰਾਇਆ ਸੀ।
ਦੱਖਣੀ ਅਫਰੀਕਾ ਦੇ ਖਿਲਾਫ ਪਿਛਲੇ ਮੈਚ 'ਚ ਭਾਰਤ ਦੇ ਕੋਲ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਦਾ ਮੌਕਾ ਸੀ ਪਰ ਹੁਣ ਉਸ ਨੂੰ ਆਖਰੀ ਦੋ ਮੈਚਾਂ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਜਿਹੀਆਂ ਮਜ਼ਬੂਤ ਟੀਮਾਂ ਨਾਲ ਖੇਡਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮੈਚ 'ਚ ਜਿੱਤ ਦੇ ਲਈ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 158 ਦੌੜਾਂ 'ਤੇ ਆਊਟ ਹੋ ਗਈ ਸੀ।
