IND v SL 2nd T20 : ਸ਼੍ਰੇਅਸ ਅਈਅਰ ਦਾ ਅਰਧ ਸੈਂਕੜਾ, ਭਾਰਤ ਨੇ ਸੀਰੀਜ਼ ’ਤੇ ਕੀਤਾ ਕਬਜ਼ਾ

Saturday, Feb 26, 2022 - 10:39 PM (IST)

ਸਪੋਰਟਸ ਡੈਸਕ- ਭਾਰਤ ਤੇ ਸ਼੍ਰੀਲੰਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ20 ਮੈਚ ਅੱਜ ਧਰਮਸ਼ਾਲਾ ਸਥਿਤ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ਼੍ਰੀਲੰਕਾ ਨੇ ਨਿਸਾਂਕਾ ਦੇ ਅਰਧ ਸੈਂਕੜੇ ਤੇ ਸ਼ਨਾਕਾ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ 20 ਓਵਰਾਂ ’ਚ 183 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਤਿੰਨ ਵਿਕਟਾਂ ’ਤੇ 186 ਦੌੜਾਂ ਬਣਾ ਕੇ ਮੈਚ ਤੇ ਸੀਰੀਜ਼ ’ਤੇ ਕਬਜ਼ਾ ਕਰ ਲਿਆ। ਸ਼੍ਰੇਅਸ ਅਈਅਰ ਨੇ ਇਸ ਮੈਚ ਵਿਚ ਅਜੇਤੂ 44 ਗੇਂਦਾਂ ’ਤੇ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਉਥੇ ਹੀ ਜਡੇਜਾ ਨੇ ਵੀ ਇਸ ਮੈਚ ’ਚ ਤੇਜ਼ ਤਰਾਰ ਪਾਰੀ ਖੇਡੀ। ਜਡੇਜਾ ਨੇ 18 ਗੇਂਦਾਂ ’ਤੇ 7 ਚੌਕੇ ਤੇ 1 ਛੱਕੇ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ 9 ਦੌੜਾਂ ’ਤੇ ਆਪਣੀ ਪਹਿਲੀ ਵਿਕਟ ਗੁਆ ਦਿੱਤੀ। ਰੋਹਿਤ ਸ਼ਰਮਾ ਨੂੰ ਦੁਸ਼ਮੰਤਾ ਚਮੀਰਾ ਨੇ ਇਕ ਰਨ ਬਣਾ ਕੇ ਆਊਟ ਕੀਤਾ। ਪਿਛਲੇ ਮੈਚ ਦਾ ਹੀਰੋ ਈਸ਼ਾਨ ਕਿਸ਼ਨ 16 ਦੌੜਾਂ ਬਣਾ ਕੇ ਆਊਟ ਹੋ ਗਿਆ। ਲਾਹਿਰੂ ਕੁਮਾਰਾ ਨੇ ਈਸ਼ਾਨ ਨੂੰ ਆਪਣਾ ਸ਼ਿਕਾਰ ਬਣਾਇਆ। ਭਾਰਤੀ ਟੀਮ ਨੂੰ ਤੀਜਾ ਝਟਕਾ ਸੰਜੂ ਸੈਮਸਨ ਦੇ ਰੂਪ ’ਚ ਲੱਗਾ। ਸੈਮਸਨ ਨੇ 25 ਗੇਂਦਾਂ ’ਚ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਸੈਮਸਨ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਚੱਕਰ ’ਚ ਫਰਨਾਂਡੋ ਦੀ ਗੇਂਦ ’ਤੇ ਲਾਹਿਰੂ ਕੁਮਾਰਾ ਨੂੰ ਕੈਚ ਦੇ ਬੈਠਾ।

ਇਸ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਦੇ ਸਲਾਮੀ ਬੱਲੇਬਾਜ਼ਾਂ ਨਿਸਾਂਕਾ ਅਤੇ ਗੁਣਾਤਿਲਕਾ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੂੰ ਰਵਿੰਦਰ ਜਡੇਜਾ ਨੇ ਗੁਣਾਤਿਲਕਾ ਨੂੰ ਆਊਟ ਕਰਕੇ ਤੋੜਿਆ। ਗੁਣਾਤਿਲਕਾ ਨੇ 29 ਗੇਂਦਾਂ 'ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਪਹਿਲੀ ਵਿਕਟ ਗੁਆਉਣ ਤੋਂ ਬਾਅਦ ਸ਼੍ਰੀਲੰਕਾ ਦੀ ਦੂਜੀ ਵਿਕਟ ਵੀ ਜਲਦ ਹੀ ਡਿੱਗ ਗਈ। ਚਹਿਲ ਨੇ ਚਰਿਥ ਅਸਲੰਕਾ ਨੂੰ 2 ਦੌੜਾਂ 'ਤੇ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਹਰਸ਼ਲ ਪਟੇਲ ਨੇ ਭਾਰਤੀ ਟੀਮ ਲਈ ਤੀਜੀ ਸਫਲਤਾ ਹਾਸਲ ਕੀਤੀ। ਹਰਸ਼ਲ ਨੇ ਕਾਮਿਲ ਮਿਸ਼ਰਾ ਨੂੰ ਰਨ ਆਊਟ ਕੀਤਾ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਬਿਨਾ ਦਰਸ਼ਕਾਂ ਦੇ ਖੇਡਣਗੇ 100ਵਾਂ ਟੈਸਟ, ਮੋਹਾਲੀ 'ਚ ਹੋਵੇਗਾ ਮੈਚ

ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਨੂੰ ਚੌਥਾ ਝਟਕਾ ਦਿੱਤਾ। ਬੁਮਰਾਹ ਨੇ ਚਾਂਦੀਮਲ ਨੂੰ 9 ਦੌੜਾਂ ’ਤੇ ਕਪਤਾਨ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ। ਸ਼੍ਰੀਲੰਕਾਈ ਟੀਮ ਨੂੰ 5ਵਾਂ ਝਟਕਾ ਨਿਸਾਂਕਾ ਦੇ ਰੂਪ 'ਚ ਲੱਗਾ। ਨਿਸਾਂਕਾ ਨੇ 53 ਗੇਂਦਾਂ ’ਚ 11 ਚੌਕਿਆਂ ਦੀ ਮਦਦ ਨਾਲ 75 ਦੌੜਾਂ ਬਣਾਈਆਂ। ਆਖਰੀ ਓਵਰ ’ਚ ਸ਼੍ਰੀਲੰਕਾ ਦੇ ਕਪਤਾਨ ਸ਼ਨਾਕਾ ਨੇ ਵੱਡੇ ਸ਼ਾਟ ਖੇਡਦੇ ਹੋਏ ਟੀਮ ਦੇ ਸਕੋਰ ਨੂੰ 183 ਤੱਕ ਪਹੁੰਚਾਇਆ। ਸ਼ਨਾਕਾ ਨੇ 19 ਗੇਂਦਾਂ 'ਚ 2 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 47 ਦੌੜਾਂ ਦੀ ਪਾਰੀ ਖੇਡੀ। 

 


Tarsem Singh

Content Editor

Related News