IND v NZ 2nd Test Day 1 Stumps : ਮਯੰਕ ਦਾ ਸ਼ਾਨਦਾਰ ਸੈਂਕੜਾ, ਭਾਰਤ ਦਾ ਸਕੋਰ 221/4
Friday, Dec 03, 2021 - 05:35 PM (IST)
ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸੀਰੀਜ਼ ਦੇ ਦੂਜੇ ਤੇ ਆਖ਼ਰੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਚੁੱਕੀ ਹੈ। ਖੇਡ ਖ਼ਤਮ ਹੋਣ ਤਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 221 ਦੌੜਾਂ ਬਣਾ ਲਈਆਂ ਸਨ। ਭਾਰਤ ਲਈ ਮਯੰਕ ਅਗਰਵਾਲ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ ਸੈਂਕੜਾ ਲਾਇਆ ਹੈ। ਮਯੰਕ ਸਟੰਪਸ ਤਕ ਅਜੇਤੂ ਰਹਿੰਦੇ ਹੋਏ 120 ਦੌੜਾਂ ਦੇ ਸਕੋਰ 'ਤੇ ਖੇਡ ਰਹੇ ਸਨ।ਕ੍ਰੀਜ਼ 'ਤੇ ਮਯੰਕ ਨਾਲ ਰਿਧੀਮਾਨ ਸਾਹਾ ਮੌਜੂਦ ਸਨ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 44 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਦੀ ਗੇਂਦ 'ਤੇ ਰਾਸ ਟੇਲਰ ਨੂੰ ਕੈਚ ਦੇ ਪਵੇਲੀਅਨ ਪਰਤ ਗਏ। ਭਾਰਤ ਦੀ ਦੂਜੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ 'ਤੇ ਡਿੱਗੀ। ਚੇਤੇਸ਼ਵਰ ਪੁਜਾਰਾ ਬਿਨਾ ਕੋਈ ਦੌੜ ਬਣਾਏ ਏਜਾਜ਼ ਪਟੇਲ ਵਲੋਂ ਬੋਲਡ ਹੋਏ ਤੇ ਪਵੇਲੀਅਨ ਪਰਤ ਗਏ। ਭਾਰਤ ਦੀ ਅਗਲੀ ਵਿਕਟ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗੀ। ਵਿਰਾਟ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ 0 ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਵਲੋਂ ਐਲ. ਬੀ. ਡਬਲਯੂ. ਆਊਟ ਹੋਏ। ਭਾਰਤ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗੀ। ਸ਼੍ਰੇਅਸ ਅਈਅਰ 18 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਦੀ ਗੇਂਦ 'ਤੇ ਟਾਮ ਬਲੰਡਲ ਦਾ ਸ਼ਿਕਾਰ ਬਣੇ।ਪਹਿਲਾ ਟੈਸਟ ਮੈਚ ਕਾਨਪੁਰ 'ਚ ਹੋਇਆ ਸੀ ਜੋ ਡਰਾਅ ਰਿਹਾ ਸੀ
ਭਾਰਤੀ ਟੀਮ ਤੋਂ ਉਪ ਕਪਤਾਨ ਅਜਿੰਕਯ ਰਹਾਣੇ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਹਰਫਨਮੌਲਾ ਰਵਿੰਦਰ ਜਡੇਜਾ ਸੱਟ ਕਾਰਨ ਬਾਹਰ ਹਨ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵੀ ਕੂਹਣੀ ਦੀ ਸੱਟ ਕਾਰਨ ਨਹੀਂ ਖੇਡ ਰਹੇ ਹਨ। ਕਪਤਾਨ ਵਿਰਾਟ ਕੋਹਲੀ ਕਾਨਪੁਰ 'ਚ ਡਰਾਅ ਰਹੇ ਪਹਿਲੇ ਟੈਸਟ ਮੈਚ ਤੋਂ ਬਾਹਰ ਰਹਿਣ ਦੇ ਬਾਅਦ ਟੀਮ 'ਚ ਪਰਤੇ ਹਨ ਜਦਕਿ ਮੁਹੰਮਦ ਸਿਰਾਜ ਤੇ ਜਯੰਤ ਯਾਦਵ ਨੂੰ ਵੀ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਟੀਮ 'ਚ ਵਿਲੀਅਮਸਨ ਦੀ ਜਗ੍ਹਾ ਡੇਰਿਲ ਮਿਸ਼ੇਲ ਨੇ ਲਈ ਹੈ। ਟਾਮ ਲਾਥਮ ਕੀਵੀ ਟੀਮ ਦੀ ਕਪਤਾਨੀ ਕਰਨਗੇ।
ਪਲੇਇੰਗ ਇਲੈਵਨ :-
ਨਿਊਜ਼ੀਲੈਂਡ : ਟਾਮ ਲਾਥਮ (ਕਪਤਾਨ), ਵਿਲ ਯੰਗ, ਡੇਰਿਲ ਮਿਸ਼ੇਲ, ਰਾਸ ਟੇਲਰ, ਹੈਨਰੀ ਨਿਕੋਲਸ, ਟਾਮ ਬਲੰਡਲ (ਵਿਕਟਕੀਪਰ), ਰਚਿਨ ਰਵਿੰਦਰਾ, ਕਾਇਲ ਜੈਮੀਸਨ, ਟਿਮ ਸਾਊਦੀ, ਵਿਲੀਅਮ ਸੋਮਰਵਿਲ, ਏਜਾਜ਼ ਪਟੇਲ
ਭਾਰਤ : ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਜਯੰਤ ਯਾਦਵ, ਉਮੇਸ਼ ਯਾਦਵ, ਮੁਹੰਮਦ ਸਿਰਾਜ