CWG 203O: ਭਾਰਤ ਨੂੰ 20 ਸਾਲਾਂ ਬਾਅਦ ਮਿਲੀ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ, ਇਸ ਸ਼ਹਿਰ ''ਚ ਹੋਵੇਗਾ ਆਯੋਜਨ
Wednesday, Nov 26, 2025 - 07:04 PM (IST)
ਸਪੋਰਟਸ ਡੈਸਕ- ਭਾਰਤ ਨੂੰ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਮਨਵੈਲਥ ਗੇਮਜ਼ ਦੇ ਕਾਰਜਕਾਰੀ ਬੋਰਡ ਨੇ ਇੱਕ ਮਹੱਤਵਪੂਰਨ ਐਲਾਨ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ 2030 ਦੀਆਂ ਕਾਮਨਵੈਲਥ ਗੇਮਜ਼ ਭਾਰਤ ਵਿੱਚ ਹੋਣਗੀਆਂ। ਇਹ ਖੇਡਾਂ ਅਹਿਮਦਾਬਾਦ ਵਿੱਚ ਹੋਣਗੀਆਂ।
ਦੱਸ ਦੇਈਏ ਕਿ 2010 ਵਿੱਚ ਕਾਮਨਵੈਲਥ ਗੇਮਜ਼ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਸਨ। ਨਾਈਜੀਰੀਆ ਦੀ ਰਾਜਧਾਨੀ, ਅਬੂਜਾ ਵੀ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਦੀ ਦੌੜ ਵਿੱਚ ਸੀ ਪਰ ਅਹਿਮਦਾਬਾਦ ਨੇ ਇਸਨੂੰ ਪਛਾੜ ਦਿੱਤਾ ਹੈ। ਅਹਿਮਦਾਬਾਦ ਨੂੰ ਮੇਜ਼ਬਾਨੀ ਦੇਣ ਦਾ ਇੱਕ ਵੱਡਾ ਕਾਰਨ ਇਸਦਾ ਸ਼ਾਨਦਾਰ ਬੁਨਿਆਦੀ ਢਾਂਚਾ, ਪ੍ਰਸ਼ਾਸਨ ਅਤੇ ਕਾਮਨਵੈਲਥ ਗੇਮਜ਼ ਦੇ ਮੁੱਲਾਂ ਨਾਲ ਮੇਲ-ਜੋਲ ਰਿਹਾ।
ਕਾਮਨਵੈਲਥ ਗੇਮਜ਼ ਦੇ 100 ਸਾਲ ਹੋਣਗੇ ਪੂਰੇ
ਭਾਰਤ ਵਿੱਚ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਬੇਹੱਦ ਹੀ ਖਾਸ ਹੋਵੇਗੀ ਕਿਉਂਕਿ ਸਾਲ 2030 ਖੇਡਾਂ ਦੀ 100ਵੀਂ ਵਰ੍ਹੇਗੰਢ ਮਨਾਏਗਾ। ਕਾਮਨਵੈਲਥ ਗੇਮਜ਼ ਪਹਿਲੀ ਵਾਰ 1930 ਵਿੱਚ ਕੈਨੇਡਾ ਦੇ ਹੈਮਿਲਟਨ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ। ਭਾਰਤ ਤੋਂ ਪਹਿਲਾਂ ਸਾਲ 2026 ਵਿੱਚ ਇਨ੍ਹਾਂ ਖੇਡਾਂ ਦਾ ਆਯੋਜਨ ਗਲਾਸਗੋ ਵਿੱਚ ਹੋਵੇਗਾ। ਇਨ੍ਹਾਂ ਖੇਡਾਂ ਵਿੱਚ ਇੱਕ ਮਜ਼ਬੂਤ ਪ੍ਰਦਰਸ਼ਨ ਅਹਿਮਦਾਬਾਦ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਭਾਰਤ ਲਈ ਉਮੀਦਾਂ ਵਧਾਏਗਾ।
PHOTO | Ahmedabad formally awarded hosting rights of 2030 Commonwealth Games by the event's governing body in Glasgow. Delegates of 74 Commonwealth member nations and territories ratify India's 2030 bid at Commonwealth Sport General Assembly.#2030CommonwealthGames #Ahmedabad pic.twitter.com/86vFrHt6iT
— Press Trust of India (@PTI_News) November 26, 2025
CWG 2010 'ਚ ਭਾਰਤ ਦਾ ਪ੍ਰਦਰਸ਼ਨ
ਦਿੱਲੀ 'ਚ ਜਦੋਂ ਕਾਮਨਵੈਲਥ ਗੇਮਜ਼ ਦਾ ਆਯੋਜਨ ਹੋਇਆ ਸੀ ਤਾਂ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਭਾਰਤ 101 ਮੈਡਲਾਂ ਦੇ ਨਾਲ ਦੂਜੇ ਨੰਬਰ 'ਤੇ ਸੀ। ਭਾਰਤ ਨੇ ਆਪਣੀ ਮੁਹਿੰਮ 'ਚ 38 ਸੋਨ, 27 ਚਾਂਦੀ ਅਤੇ 36 ਕਾਂਸੀ ਦੇ ਤਗਮੇ ਜਿੱਤੇ ਸਨ।
