WTC ਅੰਕ ਸੂਚੀ ’ਚ ਚੋਟੀ ’ਤੇ ਪਹੁੰਚਿਆ ਭਾਰਤ

03/03/2024 6:30:25 PM

ਦੁਬਈ– ਦੋ ਵਾਰ ਦਾ ਉਪ ਜੇਤੂ ਭਾਰਤ ਐਤਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੀ ਅੰਕ ਸੂਚੀ ਵਿਚ ਨਿਊਜ਼ੀਲੈਂਡ ਦੀ ਜਗ੍ਹਾ ਚੋਟੀ ’ਤੇ ਕਾਬਜ਼ ਹੋ ਗਿਆ। ਰਾਂਚੀ ਵਿਚ ਚੌਥੇ ਟੈਸਟ ਮੈਚ ਵਿਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕਰਨ ਵਾਲਾ ਭਾਰਤ 64.28 ਫੀਸਦੀ ਅੰਕਾਂ ਨਾਲ ਨਿਊਜ਼ੀਲੈਂਡ ਨੂੰ ਚੋਟੀ ਤੋਂ ਹਟਾਉਣ ਵਿਚ ਸਫਲ ਰਿਹਾ। ਭਾਰਤ ਦੇ ਹੁਣ ਤਕ 8 ਮੈਚਾਂ ਵਿਚੋਂ 5 ਜਿੱਤਾਂ, 2 ਹਾਰਾਂ ਤੇ 1 ਡਰਾਅ ਨਾਲ 62 ਅੰਕ ਹਨ ਜਦਕਿ ਨਿਊਜ਼ੀਲੈਂਡ ਦੀ ਟੀਮ ਦੇ 5 ਮੈਚਾਂ ਵਿਚੋਂ 3 ਜਿੱਤਾਂ ਤੇ 2 ਹਾਰਾਂ ਤੋਂ 36 ਅੰਕ ਹਨ। ਉਸਦਾ ਅੰਕ ਫੀਸਦੀ 60.00 ਹੈ।
ਆਸਟ੍ਰੇਲੀਆ ਵਿਰੁੱਧ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ 36 ਅੰਕਾਂ ਤੇ 75 ਅੰਕ ਫੀਸਦੀ ਦੇ ਨਾਲ ਚੋਟੀ ’ਤੇ ਕਾਬਜ਼ ਸੀ। ਡਬਲਯੂ. ਟੀ. ਸੀ. 2021 ਦੀ ਜੇਤੂ ਨਿਊਜ਼ੀਲੈਂਡ ਦੀ ਟੀਮ ਨੂੰ ਇਸ ਮੈਚ ਵਿਚ 172 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸਦਾ ਅੰਕ ਫੀਸਦੀ 60 ਹੋ ਗਿਆ ਤੇ ਉਹ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਖਿਸਕ ਗਈ ਹੈ। ਆਸਟ੍ਰੇਲੀਆ ਦੀ ਟੀਮ ਤੀਜੇ ਸਥਾਨ ’ਤੇ ਹੈ। ਉਸ ਨੂੰ ਵੈਲਿੰਗਟਨ ਟੈਸਟ ਮੈਚ ਵਿਚ ਜਿੱਤ ਤੋਂ 12 ਮਹੱਤਵਪੂਰਨ ਅੰਕ ਮਿਲੇ ਹਨ। ਇਸ ਨਾਲ ਉਸਦੇ 11 ਮੈਚਾਂ ਵਿਚੋਂ 7 ਜਿੱਤਾਂ, 3 ਹਾਰਾਂ ਤੇ 1 ਡਰਾਅ ਦੇ ਨਾਲ 78 ਅੰਕ ਹੋ ਗਏ ਹਨ। ਉਸਦਾ ਅੰਕ ਫੀਸਦੀ 55 ਤੋਂ ਵੱਧ ਕੇ 59.09 ਹੋ ਗਿਆ ਹੈ। ਆਸਟ੍ਰੇਲੀਆ 2023 ਦਾ ਚੈਂਪੀਅਨ ਹੈ ਤੇ ਜੇਕਰ ਉਹ ਕ੍ਰਾਈਸਟਚਰਚ ਵਿਚ 8 ਮਾਰਚ ਤੋਂ ਸ਼ੁਰੂ ਹੋਣ ਵਾਲੇ ਦੂਜੇ ਤੇ ਆਖਰੀ ਟੈਸਟ ਮੈਚ ਵਿਚ ਵੀ ਜਿੱਤ ਦਰਜ ਕਰਦਾ ਹੈ ਤਾਂ ਉਹ ਨਿਊਜ਼ੀਲੈਂਡ ਦੀ ਜਗ੍ਹਾ ਦੂਜੇ ਸਥਾਨ ’ਤੇ ਕਾਬਜ਼ ਹੋ ਜਾਵੇਗਾ।
ਭਾਰਤ ਇਸ ਵਿਚਾਲੇ 7 ਮਾਰਚ ਤੋਂ ਇੰਗਲੈਂਡ ਵਿਰੁੱਧ ਧਰਮਸ਼ਾਲਾ ਵਿਚ 5ਵਾਂ ਤੇ ਆਖਰੀ ਟੈਸਟ ਮੈਚ ਖੇਡੇਗਾ। ਜੇਕਰ ਇਸ ਮੈਚ ਵਿਚ ਇੰਗਲੈਂਡ ਦੀ ਟੀਮ ਭਾਰਤ ਨੂੰ ਹਰਾ ਦਿੰਦੀ ਹੈ ਤਾਂ ਫਿਰ ਆਸਟ੍ਰੇਲੀਆ ਚੋਟੀ ’ਤੇ ਪਹੁੰਚ ਸਕਦਾ ਹੈ।


Aarti dhillon

Content Editor

Related News