ਹਾਕੀ : ਭਾਰਤ ਫਾਈਨਲ 'ਚ, ਮਿਲਿਆ ਓਲੰਪਿਕ ਕੁਆਲੀਫਾਇਰ ਦਾ ਟਿਕਟ
Friday, Jun 14, 2019 - 09:29 PM (IST)

ਭੁਵਨੇਸ਼ਵਰ— ਰਮਨਦੀਪ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਮੇਜ਼ਬਾਨ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਨੂੰ ਸ਼ੁੱਕਰਵਾਰ ਕਲਿੰਗਾ ਸਟੇਡੀਅਮ ਵਿਚ 7-2 ਨਾਲ ਹਰਾ ਕੇ ਐੱਫ. ਆਈ. ਐੱਚ. ਸੀਰੀਜ਼ ਹਾਕੀ ਫਾਈਨਲਸ ਦੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾ ਲਈ ਅਤੇ ਇਸ ਦੇ ਨਾਲ ਹੀ ਉਸ ਨੇ ਟੋਕੀਓ ਓਲੰਪਿਕ ਦੇ ਕੁਆਲੀਫਾਇਰ ਟੂਰਨਾਮੈਂਟ ਦੀ ਟਿਕਟ ਵੀ ਹਾਸਲ ਕਰ ਲਈ।
ਭਾਰਤ ਦਾ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਦੱਖਣੀ ਅਫਰੀਕਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਸੈਮੀਫਾਈਨਲ ਵਿਚ ਅਮਰੀਕਾ ਦੀ ਚੁਣੌਤੀ 'ਤੇ 2-1 ਨਾਲ ਕਾਬੂ ਪਾ ਲਿਆ। ਇਸ ਟੂਰਨਾਮੈਂਟ ਤੋਂ ਦੋ ਫਾਈਨਲਿਸਟ ਟੀਮਾਂ ਨੂੰ ਇਸ ਸਾਲ ਦੇ ਆਖਿਰ ਵਿਚ ਹੋਣ ਵਾਲੇ ਟੋਕੀਓ ਓਲੰਪਿਕ ਦੇ ਕੁਆਲੀਫਾਇਰ ਟੂਰਨਾਮੈਂਟ ਦੀ ਟਿਕਟ ਮਿਲਣੀ ਸੀ ਅਤੇ ਭਾਰਤ ਅਤੇ ਦੱਖਣੀ ਅਫਰੀਕਾ ਨੇ ਫਾਈਨਲ ਵਿਚ ਪਹੁੰਚ ਕੇ ਇਹ ਟਿਕਟ ਹਾਸਲ ਕਰ ਲਈ। ਫਾਈਨਲ ਤੇ ਤੀਜੇ ਸਥਾਨ ਦੇ ਮੈਚ ਸ਼ਨੀਵਾਰ ਨੂੰ ਖੇਡੇ ਜਾਣਗੇ।
ਭਾਰਤ ਵਲੋਂ ਰਮਨਦੀਪ ਨੇ 23ਵੇਂ ਤੇ 37ਵੇਂ, ਹਰਮਨਪ੍ਰੀਤ ਸਿੰਘ ਨੇ 7ਵੇਂ, ਵਰੁਣ ਕੁਮਾਰ ਨੇ 14ਵੇਂ, ਹਾਰਦਿਕ ਸਿੰਘ ਨੇ 25ਵੇਂ, ਗੁਰਸਾਹਿਬਜੀਤ ਸਿੰਘ ਨੇ 43ਵੇਂ ਤੇ ਵਿਵੇਕ ਪ੍ਰਸਾਦ ਨੇ 47ਵੇਂ ਮਿੰਟ ਵਿਚ ਗੋਲ ਕਰ ਕੇ ਟੋਕੀਓ ਓਲੰਪਿਕ ਦੇ ਮੇਜ਼ਬਾਨ ਜਾਪਾਨ ਨੂੰ ਢਹਿ-ਢੇਰੀ ਕਰ ਦਿੱਤਾ।
ਹਾਲਾਂਕਿ ਇਸ ਹਾਰ ਦਾ ਜਾਪਾਨ 'ਤੇ ਕੋਈ ਅਸਰ ਨਹੀਂ ਪਿਆ ਕਿਉਂਕਿ ਮੇਜ਼ਬਾਨ ਹੋਣ ਦੇ ਨਾਤੇ 'ਤੇ ਉਹ ਓਲੰਪਿਕ ਵਿਚ ਖੇਡੇਗਾ। ਸੈਮੀਫਾਈਨਲ ਵਿਚ ਦੂਜੇ ਹੀ ਮਿੰਟ ਵਿਚ ਜਾਪਾਨ ਦੇ ਕੇਂਜੀ ਕਿਤਾਜਾਤੋ ਨੇ ਮੈਦਾਨੀ ਗੋਲ ਨਾਲ ਮੇਜ਼ਬਾਨ ਟੀਮ ਤੇ ਉਸ ਦੇ ਸਮਰਥਕਾਂ ਨੂੰ ਹੈਰਾਨ ਕਰ ਦਿੱਤਾ ਪਰ ਇਸ ਤੋਂ ਬਾਅਦ ਭਾਰਤੀ ਟੀਮ ਪੂਰੀ ਤਰ੍ਹਾਂ ਮੁਕਾਬਲੇ 'ਤੇ ਛਾਈ ਰਹੀ। ਭਾਰਤ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਦੇ ਗਰੁੱਪ ਮੁਕਾਬਲੇ ਵਿਚ ਜਾਪਾਨ ਨੂੰ 8-0 ਨਾਲ ਹਰਾਇਆ ਸੀ। ਹਾਲਾਂਕਿ ਸੈਮੀਫਾਈਨਲ ਵਿਚ ਭਾਰਤ ਨੂੰ ਮਲੇਸ਼ੀਆ ਤੋਂ ਸਡਨ ਡੈੱਥ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।