ਭਾਰਤ ‘ਪੂਰੀ ਮਜ਼ਬੂਤੀ ਨਾਲ’ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹੈ : ਪ੍ਰਧਾਨ ਮੰਤਰੀ
Monday, Jan 05, 2026 - 12:32 PM (IST)
ਵਾਰਾਣਸੀ (ਉੱਤਰ ਪ੍ਰਦੇਸ਼)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿਚ ਸਰਕਾਰ ਨੇ ਦੇਸ਼ ਵਿਚ ਖੇਡਾਂ ਦੇ ਖੇਤਰ ਵਿਚ ਵੱਡਾ ਬਦਲਾਅ ਕਰਦੇ ਹੋਏ 20 ਤੋਂ ਵੱਧ ਪ੍ਰਮੁੱਖ ਕੌਮਾਂਤਰੀ ਟੂਰਨਾਮੈਂਟ ਆਯੋਜਿਤ ਕੀਤੇ ਹਨ ਤੇ ਭਾਰਤ ‘ਪੂਰੀ ਮਜ਼ਬੂਤੀ ਨਾਲ’ 2036 ਦੀਆਂ ਓਲੰਪਿਕ ਦੀ ਮੇਜ਼ਬਾਨੀ ਦੀ ਵੀ ਤਿਆਰੀ ਕਰ ਰਿਹਾ ਹੈ। ਵਾਰਾਣਸੀ ਵਿਚ ਅੱਜ ਤੋਂ ਸ਼ੁਰੂ ਹੋਈ 72ਵੀਂ ਸੀਨੀਅਰ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦੇ ਉਦਘਾਟਨੀ ਪ੍ਰੋਗਰਾਮ ਨਾਲ ਆਨਲਾਈਨ ਜੁੜੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਕਈ ਸ਼ਹਿਰਾਂ ਵਿਚ ਫੀਫਾ ਅੰਡਰ-17 ਵਿਸ਼ਵ ਕੱਪ ਤੇ ਹਾਕੀ ਵਿਸ਼ਵ ਕੱਪ ਸਮੇਤ 20 ਤੋਂ ਵੱਧ ਪ੍ਰਮੁੱਖ ਕੌਮਾਂਤਰੀ ਟੂਰਨਾਮੈਂਟ ਆਯੋਜਿਤ ਕੀਤੇ ਗਏ ਹਨ।
ਮੋਦੀ ਨੇ ਕਿਹਾ,‘‘2030 ਦੀਆਂ ਰਾਸ਼ਟਰਮੰਡਲ ਖੇਡਾਂ ਵੀ ਭਾਰਤ ਵਿਚ ਹੀ ਹੋਣ ਜਾ ਰਹੀਆਂ ਹਨ। ਭਾਰਤ ਪੂਰੀ ਮਜ਼ਬੂਤੀ ਨਾਲ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਵੀ ਤਿਆਰੀ ਕਰ ਰਿਹਾ ਹੈ। ਇਸਦੇ ਪਿੱਛੇ ਕਈ ਕੋਸ਼ਿਸ਼ਾਂ ਹਨ ਕਿ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਣ ਦੇ ਵੱਧ ਤੋਂ ਵੱਧ ਮੌਕੇ ਮਿਲਣ।’’
