ਉਦਿਤਾ ਦੇ ਦੋ ਗੋਲ, ਇਟਲੀ ''ਤੇ ਵੱਡੀ ਜਿੱਤ ਨਾਲ ਭਾਰਤ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ''ਚ

Wednesday, Jan 17, 2024 - 12:28 PM (IST)

ਰਾਂਚੀ, (ਭਾਸ਼ਾ)– ਉਦਿਤਾ ਦੁਹਾਨ ਨੇ ਆਪਣੇ 100ਵੇਂ ਕੌਮਾਂਤਰੀ ਮੈਚ ਵਿਚ 2 ਗੋਲ ਕੀਤੇ, ਜਿਸ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਇਟਲੀ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਐੱਫ. ਆਈ. ਐੱਚ. ਮਹਿਲਾ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ ਪੈਰਿਸ ਲਈ ਟਿਕਟ ਕਟਵਾਉਣ ਵੱਲ ਮਜ਼ਬੂਤ ਕਦਮ ਵਧਾਏ। ਭਾਰਤ ਵਲੋਂ ਉਦਿਤਾ (ਪਹਿਲੇ ਤੇ 55ਵੇਂ ਮਿੰਟ), ਦੀਪਿਕਾ (41ਵੇਂ), ਸਲੀਮਾ ਟੇਟੇ (45ਵੇਂ) ਤੇ ਨਵਨੀਤ ਕੌਰ (53ਵੇਂ) ਨੇ ਗੋਲ ਕੀਤੇ। ਇਟਲੀ ਵਲੋਂ ਇਕਲੌਤਾ ਗੋਲ ਮਚਿਨ ਕਾਮਿਲਾ ਨੇ 60ਵੇਂ ਮਿੰਟ ਵਿਚ ਕੀਤਾ। ਭਾਰਤੀ ਟੀਮ ਇਸ ਤਰ੍ਹਾਂ ਨਾਲ ਪੂਲ-ਬੀ ਵਿਚੋਂ 2 ਜਿੱਤਾਂ ਨਾਲ 6 ਅੰਕ ਲੈ ਕੇ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ ਦਾ ਹੋਇਆ ਦਿਹਾਂਤ

ਅਮਰੀਕਾ ਨੇ ਆਪਣੇ 3 ਮੈਚ ਜਿੱਤੇ। ਭਾਰਤ ਵੀਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਵਿਚ ਪੂਲ-ਏ ਵਿਚੋਂ ਚੋਟੀ ’ਤੇ ਰਹੇ ਜਰਮਨੀ ਦਾ ਸਾਹਮਣਾ ਕਰੇਗਾ ਜਦਕਿ ਅਮਰੀਕਾ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਪ੍ਰਤੀਯੋਗਿਤਾ ਵਿਚ ਚੋਟੀ ’ਤੇ ਰਹਿਣ ਵਾਲੀਆਂ ਤਿੰਨ ਟੀਮਾਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਗੀਆਂ। ਅਮਰੀਕਾ ਤੋਂ ਪਹਿਲੇ ਮੈਚ ਵਿਚ ਹਾਰ ਜਾਣ ਤੋਂ ਬਾਅਦ ਭਾਰਤੀ ਟੀਮ ਨੇ ਇਕ ਵਾਰ ਫਿਰ ਚੰਗਾ ਪ੍ਰਦਰਸ਼ਨ ਕੀਤਾ ਤੇ ਮੈਚ ਵਿਚ ਸ਼ੁਰੂ ਤੋਂ ਲੈ ਕੇ ਆਖਿਰ ਤਕ ਕੰਟਰੋਲ ਬਣਾਈ ਰੱਖਿਆ।ਪਿਛਲੇ ਮੈਚ ਦੀ ਤਰ੍ਹਾਂ ਭਾਰਤੀ ਟੀਮ ਨੇ ਇਸ ਵਾਰ ਵੀ ਚੰਗੀ ਸ਼ੁਰੂਆਤ ਕੀਤੀ ਤੇ ਪਹਿਲੇ ਮਿੰਟ ਵਿਚ ਹੀ ਬੜ੍ਹਤ ਹਾਸਲ ਕਰ ਲਈ। ਭਾਰਤ ਨੂੰ ਪਹਿਲੇ ਮਿੰਟ ਵਿਚ ਹੀ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਉਦਿਤਾ ਨੇ ਗੋਲ ਵਿਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ। 

ਇਟਲੀ ਨੂੰ ਪਹਿਲਾ ਕੁਆਰਟਰ ਖਤਮ ਹੋਣ ਤੋਂ ਕੁਝ ਦੇਰ ਪਹਿਲਾਂ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੀ। ਭਾਰਤ ਨੂੰ ਦੂਜੇ ਕੁਆਰਟਰ ਦੇ ਦੂਜੇ ਮਿੰਟ ਵਿਚ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਉਦਿਤਾ ਇਟਲੀ ਦੀ ਰੱਖਿਆ ਲਾਈਨ ਵਿਚ ਸੰਨ੍ਹ ਨਹੀਂ ਲਾ ਸਕੀ। ਭਾਰਤੀ ਡਿਫੈਂਡਰਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਤੇ ਇਟਲੀ ਦੀ ਹਰ ਕੋਸ਼ਿਸ਼ ਨੂੰ ਅਸਫਲ ਕੀਤਾ।ਹਾਫ ਤਕ ਭਾਰਤ 1-0 ਨਾਲ ਅੱਗੇ ਸੀ। ਭਾਰਤੀ ਟੀਮ ਨੇ ਇਸ ਤੋਂ ਬਾਅਦ ਵੀ ਦਬਾਅ ਬਣਾਈ ਰੱਖਿਆ ਤੇ ਜਲਦ ਹੀ ਉਸ ਨੂੰ ਤੀਜਾ ਪੈਨਲਟੀ ਕਾਰਨਰ ਮਿਲ ਗਿਆ ਪਰ ਮੋਨਿਕਾ ਸਲੀਮਾ ਟੇਟੇ ਦੇ ਪੁਸ਼ ਨੂੰ ਰੋਕਣ ਵਿਚ ਅਸਫਲ ਰਹੀ। 

ਇਹ ਵੀ ਪੜ੍ਹੋ : Ram Mandir Ayodhya : ਵਿਰਾਟ ਕੋਹਲੀ ਨੂੰ ਮਿਲਿਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ

ਇਟਲੀ ਦੀ ਗੋਲਕੀਪਰ ਕਾਰੂਸੋ ਦੀ ਗਲਤੀ ਕਾਰਨ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ, ਜਿਸ ’ਤੇ ਦੀਪਿਕਾ ਨੇ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਸਲੀਮਾ ਨੇ ਤੀਜਾ ਕੁਅਾਰਟਰ ਖਤਮ ਹੋਣ ਤੋਂ ਠੀਕ ਪਹਿਲਾਂ ਮੈਦਾਨੀ ਗੋਲ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਨਵਨੀਤ ਕੌਰ ਨੇ ਆਖਰੀ ਹੂਟਰ ਵੱਜਣ ਤੋਂ 7 ਮਿੰਟ ਪਹਿਲਾਂ ਭਾਰਤ ਵਲੋਂ ਚੌਥਾ ਗੋਲ ਕੀਤਾ ਜਦਕਿ ਇਸ ਦੇ ਦੋ ਮਿੰਟ ਬਾਅਦ ਉਦਿਤਾ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News