ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ
Friday, Jul 04, 2025 - 12:49 AM (IST)

ਲੰਡਨ - ਪਹਿਲੇ 2 ਮੈਚ ਆਸਾਨੀ ਨਾਲ ਆਪਣੇ ਨਾਂ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਤੀਸਰੇ ਟੀ-20 ਅੰਤਰਰਾਸ਼ਟਰੀ ਮੈਚ ’ਚ ਆਪਣਾ ਜੇਤੂ ਅਭਿਆਨ ਜਾਰੀ ਰੱਖ ਕੇ ਇੰਗਲੈਂਡ ਖਿਲਾਫ ਪਹਿਲੀ ਵਾਰ ਸਭ ਤੋਂ ਛੋਟੇ ਫਾਰਮੈੱਟ ’ਚ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ’ਚ ਹੈ। ਉਸ ਨੇ 5 ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਇੰਗਲੈਂਡ ਨੂੰ ਰਿਕਾਰਡ 97 ਦੌੜਾਂ ਨਾਲ ਹਰਾਇਆ। ਉਸ ਤੋਂ ਬਾਅਦ ਬ੍ਰਿਸਟਲ ’ਚ 24 ਦੌੜਾਂ ਨਾਲ ਜਿੱਤ ਦਰਜ ਕੀਤੀ, ਜੋ ਇੰਗਲੈਂਡ ਦੀ ਮਹਿਲਾ ਟੀਮ ਦੀ ਇਸ ਮੈਦਾਨ ’ਤੇ ਖੇਡ ਦੇ ਸਭ ਤੋਂ ਛੋਟੇ ਫਾਰਮੈੱਟ ’ਚ ਪਹਿਲੀ ਹਾਰ ਸੀ। ਇਸ ਤਰ੍ਹਾਂ ਭਾਰਤੀ ਟੀਮ ਲੜੀ ’ਚ ਅਜੇ 2-0 ਨਾਲ ਅੱਗੇ ਚੱਲ ਰਹੀ ਹੈ।
ਭਾਰਤੀ ਮਹਿਲਾ ਟੀਮ ਨੇ ਹੁਣ ਤੱਕ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉੱਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਪਹਿਲੇ ਮੈਚ ’ਚ ਸੈਂਕੜਾ ਬਣਾਇਆ ਤਾਂ ਹਰਲੀਨ ਦਿਓਲ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਦੂਸਰੇ ਮੈਚ ’ਚ ਅਮਨਜੋਤ ਕੌਰ ਅਤੇ ਜੋਮਿਮਾ ਰੌਡ੍ਰਿਗਜ਼ ਨੇ ਅਰਧ-ਸੈਂਕੜਾ ਲਾ ਕੇ ਟੀਮ ਨੂੰ ਮੁਸ਼ਕਿਲ ਸਥਿਤੀ ’ਚੋਂ ਬਾਹਰ ਕੱਢਿਆ ਅਤੇ ਉਸ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਹੁਣ ਸਾਰਿਆਂ ਦੀਆਂ ਨਜ਼ਰਾਂ ਵੱਡੇ ਸ਼ਾਟ ਲਾਉਣ ਵਾਲੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ’ਤੇ ਟਿਕੀਆਂ ਹਨ, ਜੋ ਆਪਣੀ ਛਾਪ ਛੱਡਣ ਲਈ ਬੇਤਾਬ ਹੋਵੇਗੀ।