Asia cup stage 3:  ਭਾਰਤ ਤੀਰਅੰਦਾਜ਼ੀ ’ਚ 6 ਚਾਂਦੀ ਤੇ 1 ਕਾਂਸੀ ਤਮਗੇ ਨਾਲ 5ਵੇਂ ਸਥਾਨ ’ਤੇ ਰਿਹਾ

Sunday, Jun 11, 2023 - 02:29 PM (IST)

Asia cup stage 3:  ਭਾਰਤ ਤੀਰਅੰਦਾਜ਼ੀ ’ਚ 6 ਚਾਂਦੀ ਤੇ 1 ਕਾਂਸੀ ਤਮਗੇ ਨਾਲ 5ਵੇਂ ਸਥਾਨ ’ਤੇ ਰਿਹਾ

ਸਿੰਗਾਪੁਰ (ਭਾਸ਼ਾ)– ਭਾਰਤੀ ਤੀਰਅੰਦਾਜ਼ ਏਸ਼ੀਆ ਕੱਪ ਦੇ ਤੀਜੇ ਗੇੜ ’ਚ ਕੋਰੀਆ ਵਿਰੁੱਧ ਆਪਣੇ ਸਾਰੇ ਛੇ ਫਾਈਨਲ ਮੈਚਾਂ ’ਚ ਸ਼ਨੀਵਾਰ ਨੂੰ ਦਬਾਅ ’ਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਤਮਗਾ ਅੰਕ ਸੂਚੀ ’ਚ ਆਪਣੀ ਮੁਹਿੰਮ ਨੂੰ 5ਵੇਂ ਸਥਾਨ ਦੇ ਨਾਲ ਖਤਮ ਕੀਤੀ। ਭਾਰਤ ਇਕ ਵੀ ਸੋਨ ਤਮਗਾ ਨਹੀਂ ਜਿੱਤ ਸਕਿਆ ਪਰ ਟੀਮ ਨੇ 6 ਚਾਂਦੀ ਤਮਗੇ ਤੇ 1 ਕਾਂਸੀ ਤਮਗਾ ਆਪਣੇ ਨਾਂ ਕੀਤਾ। 

ਤੀਰਅੰਦਾਜ਼ੀ ‘ਪਾਵਰ ਹਾਊਸ’ ਕੋਰੀਆ 4 ਸੋਨ, 1 ਚਾਂਦੀ ਤੇ 2 ਕਾਂਸੀ ਤਮਗਿਆਂ ਨਾਲ ਅੰਕ ਸੂਚੀ ’ਚ ਪਹਿਲੇ ਜਦਕਿ ਚੀਨ 4 ਸੋਨ ਤੇ 3 ਕਾਂਸੀ ਤਮਗਿਆਂ ਨਾਲ ਦੂਜੇ ਸਥਾਨ ’ਤੇ ਰਿਹਾ। ਭਾਰਤ ਨੂੰ ਦਿਨ ਦੇ ਸ਼ੁਰੂਆਤੀ ਮੁਕਾਬਲੇ ’ਚ ਕੋਰੀਆ ਹੱਥੋਂ ਹਾਰ ਮਿਲੀ। ਸਾਕਸ਼ੀ ਚੌਧਰੀ ਤੇ ਦੀਪਿਕਾ ਨੂੰ ਭਾਰਤੀ ਮਹਿਲਾ ਕੰਪਾਊਂਡ ਟੀਮ ਨੂੰ ਇਸ ਮੁਕਾਬਲੇ ’ਚ 232-234 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਅਸੀਂ ਏਸ਼ੀਆਈ ਖੇਡਾਂ ਵਿੱਚ ਉਦੋਂ ਹੀ ਹਿੱਸਾ ਲਵਾਂਗੇ ਜਦੋਂ ਸਾਰੇ ਮੁੱਦੇ ਸੁਲਝ ਜਾਣਗੇ : ਸਾਕਸ਼ੀ ਮਲਿਕ

ਪੁਰਸ਼ਾਂ ਦੇ ਕੰਪਾਊਂਡ ਮੁਕਾਬਲੇ ’ਚ ਵੀ ਭਾਰਤੀ ਟੀਮ ਨੂੰ 235-238 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਿਕਰਵ ਮਹਿਲਾ ਟੀਮ ਵੀ ਫਾਈਨਲ ’ਚ ਕੋਰੀਆ ਦੀ ਚੁਣੌਤੀ ਪਾਰ ਨਹੀਂ ਕਰ ਸਕੀ। ਰਿਧੀ ਫੋਰ, ਰੂਮਾ ਬਿਸਵਾਸ ਤੇ ਅਦਿੱਤੀ ਜਾਇਸਵਾਲ ਨੂੰ 3-5 ਨਾਲ ਹਾਰ ਦੇ ਸਾਹਮਣਾ ਕਰਨਾ ਪਿਆ। ਭਾਰਤ ਦੀ ਪੁਰਸ਼ ਰਿਕਰਵ ਟੀਮ ਫਾਈਨਲ ’ਚ ਚੀਨ ਹੱਥੋਂ 1-5 ਨਾਲ ਹਾਰ ਗਈ।

ਪਾਰਥ ਸਾਲੁੰਕੇ ਨੂੰ ਪੁਰਸ਼ ਰਿਕਰਵ ਮੈਚ ’ਚ ਚੀਨ ਦੇ ਕਿਊਈ ਜਿਆਂਗਸ਼ੂਓ ਨੇ 6-2 ਨਾਲ ਹਰਾਇਆ। ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ ਰੂਮਾ ਬਿਸਵਾਸ ਚੀਨ ਦੀ ਏ. ਐੱਨ. ਕਿਜੂਆਨ ਹੱਥੋਂ 2-6 ਨਾਲ ਹਾਰ ਗਈ। ਪ੍ਰਗਤੀ ਨੇ ਕੰਪਾਊਂਡ ਮਹਿਲਾ ਵਿਅਕਤੀਗਤ ਤੀਜੇ ਸਥਾਨ ਦੇ ਪਲੇਅ ਆਫ ’ਚ ਆਪਣੀ ਟੀਮ ਦੀ ਸਾਥੀ ਦੀਪਸ਼ਿਖਾ ਨੂੰ 147-146 ਨਾਲ ਹਰਾ ਕੇ ਭਾਰਤ ਲਈ ਕਾਂਸੀ ਤਮਗਾ ਜਿੱਤਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News