ਭਾਰਤ ਨੇ ਘਰੇਲੂ ਪੜਾਅ ਦਾ ਅੰਤ ਇੰਗਲੈਂਡ ’ਤੇ 2-1 ਦੀ ਜਿੱਤ ਦੇ ਨਾਲ ਕੀਤਾ
Wednesday, Feb 26, 2025 - 11:16 AM (IST)

ਭੁਵਨੇਸ਼ਵਰ– ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਮੰਗਲਵਾਰ ਨੂੰ ਇੱਥੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਘਰੇਲੂ ਪੜਾਅ ਦਾ ਹਾਂ-ਪੱਖੀ ਅੰਤ ਕੀਤਾ।
ਸੋਮਵਾਰ ਨੂੰ ਪਹਿਲੇ ਪੜਾਅ ਵਿਚ ਭਾਰਤੀ ਟੀਮ ਰੋਮਾਂਚਕ ਮੁਕਾਬਲੇ ਵਿਚ ਇੰਗਲੈਂਡ ਹੱਥੋਂ 2-3 ਨਾਲ ਹਾਰ ਗਈ ਸੀ। ਹਾਲਾਂਕਿ ਮੇਜ਼ਬਾਨ ਟੀਮ ਨੇ ਮੰਗਲਵਾਰ ਨੂੰ ਕਲਿੰਗਾ ਸਟੇਡੀਅਮ ਵਿਚ ਘਰੇਲੂ ਪੜਾਅ ਦੇ ਆਖਰੀ ਮੈਚ ਵਿਚ ਜ਼ੋਰਦਾਰ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ।
ਹਰਮਨਪ੍ਰੀਤ ਨੇ 26ਵੇਂ ਤੇ 32ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਕੋਨੋਰ ਵਿਲੀਅਮਸਨ ਨੇ 30ਵੇਂ ਮਿੰਟ ਵਿਚ ਇੰਗਲੈਂਡ ਲਈ ਗੋਲ ਕੀਤਾ। ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਹਾਲਾਂਕਿ ਭਾਰਤ ਨੇ ਇੰਗਲੈਂਡ ਦੇ ਡਿਫੈਂਸ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ।
ਦੂਜੇ ਕੁਆਰਟਰ ਵਿਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ, ਜਿਸ ਤੋਂ ਬਾਅਦ ਵਿਲੀਅਮਸਨ ਨੇ ਗੋਲ ਕਰ ਕੇ ਸਕੋਰ 1-1 ਕਰ ਦਿੱਤਾ। ਹਾਲਾਂਕਿ ਘਰੇਲੂ ਟੀਮ ਤੇ ਉਸਦੇ ਪ੍ਰਸ਼ੰਸਕਾਂ ਦੀ ਖੁਸ਼ੀ ਉਸ ਸਮੇਂ ਵੱਧ ਗਈ ਜਦੋਂ ਕਪਤਾਨ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਭਾਰਤ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਮੈਚ ਦੇ ਬਾਕੀ ਬਚੇ ਸਮੇਂ ਵਿਚ ਆਪਣੀ ਬੜ੍ਹਤ ਬਣਾਈ ਰੱਖੀ ਤੇ ਜਿੱਤ ਹਾਸਲ ਕੀਤੀ ਅਤੇ ਆਪਣੇ ਘਰੇਲੂ ਪੜਾਅ ਦੀ ਮੁਹਿੰਮ ਨੂੰ 5 ਜਿੱਤਾਂ ਤੇ 3 ਹਾਰ ਦੇ ਨਾਲ ਖਤਮ ਕੀਤਾ।